ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਟਬਾਲ ਦਾ ਚੋਟੀ ਦਾ ਖਿਡਾਰੀ ਸੀ ਤੇ ਕਾਲਜ ਟੀਮ ਦਾ ਕਪਤਾਨ। ਟੀਮ ਦਾ ਇਲਾਕੇ ਵਿੱਚ ਬੜਾ ਨਾਮ ਸੀ। ਜਿੱਥੇ ਵੀ ਖੇਡਣ ਜਾਂਦੀ, ਜਿੱਤ ਕੇ ਹੀ ਆਉਂਦੀ। ਅਮਰੀਕ ਸੁਭਾਅ ਪੱਖੋਂ ਬਹੁਤ ਹੀ ਨਿੱਘਾ, ਹਰ ਇੱਕ ਦੇ ਕੰਮ ਆਉਣ ਵਾਲਾ ਤੇ ਯਾਰਾਂ ਦਾ ਯਾਰ ਸੀ। ਸਾਰਾ ਸਟਾਫ਼ ਉਸਨੂੰ ਬੜਾ ਪਿਆਰ ਕਰਦਾ ਸੀ। ਫੁੱਟਬਾਲ ਕਰਕੇ ਉਹ ਸਾਰੇ ਕਾਲਜ ਦਾ ਹੀਰੋ ਸੀ। ਇੱਕ ਵਾਰ ਲਾਗਲੇ ਸ਼ਹਿਰ 'ਚੋਂ ਉਸ ਕਾਲਜ ਦੀ ਟੀਮ ਨੇ ਮੈਚ ਖੇਡਣ ਆਉਣਾ ਸੀ। ਟੀਮ ਉਹ ਵੀ ਤਕੜੀ ਸੀ। ਕਾਲਜ ’ਚ ਤੇ ਪੂਰੇ ਸ਼ਹਿਰ 'ਚ ਇਸ ਮੈਚ ਦੀ ਬਹੁਤ ਚਰਚਾ ਸੀ। ਮੈਚ ਵਾਲੇ ਦਿਨ ਸਾਰਾ ਕਾਲਜ ਤੇ ਸ਼ਹਿਰ ਦੇ ਲੋਕ, ਮੈਦਾਨ ਦੇ ਚਾਰ ਚੁਫ਼ੇਰੇ ਘੇਰਾ ਘੱਤੀ ਬੈਠੇ ਸਨ। ਬਹੁਤੇ ਲੋਕ ਖੜ੍ਹੇ ਵੀ ਸਨ।

ਦੋਵੇਂ ਟੀਮਾਂ ਆਹਮੋ-ਸਾਹਮਣੇ ਗੋਲ ਵਾਲੇ ਪਾਸਿਆਂ ਤੋਂ ਮੈਦਾਨ ਵਿੱਚ ਉੱਤਰੀਆਂ। ਚਾਰ-ਚੁਫੇਰੇ ਤਾੜੀਆਂ ਹੀ ਤਾੜੀਆਂ। ਮੈਚ ਸ਼ੁਰੂ ਤੇ ਸਾਨ੍ਹਾਂ ਦੇ ਭੇੜ ਵਾਂਗ ਦੋਵੇਂ ਟੀਮਾਂ ਮੈਦਾਨ ਵਿੱਚ ਡਟੀਆਂ ਹੋਈਆਂ। ਅੱਧਾ ਟਾਈਮ ਲੰਘ ਗਿਆ ਪਰ ਕਿਸੇ ਟੀਮ ਤੋਂ ਗੋਲ ਨਾ ਹੋਇਆ। ਮੁਕਾਬਲਾ ਪੂਰਾ ਸਖ਼ਤ ਸੀ।

ਮੈਚ ਦੁਬਾਰਾ ਸ਼ੁਰੂ। ਸਾਰਾ ਕਾਲਜ ਸੰਘ ਪਾੜ-ਪਾੜ ਚਿੱਲਾਉਣ ਲੱਗਾ। ਮੀਕਿਆ...ਮੀਕਿਆ....ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਭ ਦੀ ਜ਼ੁਬਾਨ ’ਤੇ ਮੀਕਾ, “ਮੀਕਿਆ ਚੱਕ ਦੇ ਫੱਟੇ ਓਏ.....ਮੀਕਿਆ ਠੋਕਦੇ ਇੱਕ ਤਾਂ ਓਏ....ਕੰਜਰਾ ਮਰ ਜਾ ਓਏ....ਘਰੇ ਆ ਕੇ ਨਾ ਨੱਕ ਵੱਢ ਜਾਣ ਓਏ....” ਕੋਈ ਕੁੱਝ ਤੇ ਕੋਈ ਕੁੱਝ।

ਜਿਉਂ-ਜਿਉਂ ਮੈਚ ਖ਼ਤਮ ਹੋਣ ਦੇ ਨਜ਼ਦੀਕ ਆ ਰਿਹਾ ਸੀ, ਸ਼ੋਰ ਵਧ ਰਿਹਾ ਸੀ। ਸਭ ਦੀ ਜ਼ੁਬਾਨ ’ਤੇ ਅਮਰੀਕ ਦਾ ਹੀ ਨਾਮ, ਜਿਵੇਂ ਗੋਲ ਕਰਨਾ ਹੈ ਤਾਂ ਬੱਸ ਅਮਰੀਕ ਨੇ ਹੀ ਕਰਨਾ ਹੈ। ਬਾਕੀ ਤਾਂ ਖਾਨਾ-ਪੂਰਤੀ ਲਈ ਹਨ। ਚਾਰੇ ਪਾਸੇ ਰੌਲਾ-ਰੱਪਾ, ਸੀਟੀਆਂ ਤੇ ਲਲਕਾਰੇ ਵੱਜ ਰਹੇ ਸਨ। ਕੀ ਖਿਡਾਰੀ ਤੇ ਕੀ ਦਰਸ਼ਕ, ਪੂਰੇ ਭਖੇ ਪਏ ਸਨ। ਦੋਵੇਂ ਰੈਫ਼ਰੀ ਬੜੇ ਚੁਕੰਨੇ ਤੇ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ।

ਮੈਚ ਖ਼ਤਮ ਹੋਣ ਦੇ ਨੇੜੇ ਸੀ ਕਿ ਬਾਲ ਫਿਰ ਅਮਰੀਕ ਦੇ ਕਬਜ਼ੇ ’ਚ ਆ ਗਈ। ਸਾਰਾ ਕਾਲਜ ਇਕ ਆਵਾਜ਼ ਹੋ ਚਿੱਲਾਇਆ। ਅਮਰੀਕ ਨੇ ਬੜੀ ਚੁਸਤੀ ਨਾਲ ਦੋ ਵਿਰੋਧੀ ਖਿਡਾਰੀਆਂ ਨੂੰ ਕੱਟ ਕੀਤਾ ਤੇ ਐਸੀ ਹਿੱਟ ਜਮਾਈ ਕਿ ਬਾਲ ਸਿੱਧੀ ਗੋਲ ਦੇ ਅੰਦਰ।

ਬੱਸ ਫੇਰ ਕੀ ਸੀ। ਓਧਰ ਗੋਲ-ਕੀਪਰ ਸਿਰ ਫੜੀ ਬੈਠਾ ਸੀ ਤੇ ਏਧਰ ਸਾਰਾ ਕਾਲਜ ਭੰਗੜਾ ਪਾ ਰਿਹਾ ਸੀ। ਸੀਟੀਆਂ ਵੱਜ ਰਹੀਆਂ ਸੀ। ਬੱਕਰੇ ਬੁਲਾਏ ਜਾ ਰਹੇ ਸਨ। ਮੈਚ ਦੁਬਾਰਾ ਸ਼ੁਰੂ ਹੋਇਆ ਪਰ ਹੁਣ ਮੈਚ ਵੱਲ ਧਿਆਨ ਘੱਟ ਹੀ ਸੀ। ਝੱਟ ਹੀ ਲੰਬੀ ਸੀਟੀ ਤੇ ਮੈਚ ਖ਼ਤਮ।

85/ਰੇਤ ਦੇ ਘਰ