ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਰੀਕ ਹੋਰ ਵੱਡਾ ਹੀਰੋ ਬਣ ਗਿਆ। ਮੁੰਡੇ ਉਸਨੂੰ ਮੋਢਿਆਂ ’ਤੇ ਚੁੱਕ ਭੰਗੜਾ ਪਾਉਣ ਲੱਗੇ। ਨੀਲਮਾ ਵੀ ਉਸੇ ਕਾਲਜ 'ਚ ਅਮਰੀਕ ਤੋਂ ਇੱਕ ਕਲਾਸ ਪਿੱਛੇ ਪੜ੍ਹਦੀ ਸੀ। ਮੈਚ ਦੇ ਆਖ਼ਰੀ ਮਿੰਟਾਂ ਵਿੱਚ ਅਮਰੀਕ ਦੀ ਹਿੱਟ ਨਾਲ ਜਿਉਂ ਹੀ ਬਾਲ ਵਿਰੋਧੀ ਗੋਲ ’ਚ ਦਾਖ਼ਲ ਹੋਈ, ਨੀਲਮਾ ਬੁੜ੍ਹਕ ਉੱਠੀ। ਓਧਰ ਬਾਲ ਵਿਰੋਧੀ ਗੋਲ ’ਚ ਦਾਖ਼ਲ ਤੇ ਅਮਰੀਕ ਨੀਲਮਾ ਦੇ ਦਿਲ ’ਚ ਦਾਖ਼ਲ। ਉਹ ਚਹਿਕ ਉੱਠੀ ਤੇ ਆਪ-ਮੁਹਾਰੇ ਹੀ ਨੱਚਣ ਲੱਗੀ।

ਜਲਦੀ ਹੀ ਨੀਲਮਾ ਨੇ ਇਸ ਦਾਖ਼ਲੇ ਦੀ ਖ਼ਬਰ ਅਮਰੀਕ ਨੂੰ ਜ਼ਾਹਰ ਕਰ ਦਿੱਤੀ। ਬੱਸ ਫੇਰ ਕੀ ਸੀ, ਦੋਵੇਂ ਇੱਕ-ਦੂਜੇ ਉੱਪਰ ਲੱਟੂ ਹੋਣ ਲੱਗ ਪਏ। ਇਕ-ਦੋ ਦਿਨ ਬਾਅਦ ਮੈਚ ਦੀ ਚਰਚਾ ਤਾਂ ਮੱਠੀ ਪੈ ਗਈ ਪਰ ਦੋਵਾਂ ਦੇ ਪਿਆਰ ਦੀ ਨਵੀਂ ਚਰਚਾ ਜ਼ੋਰ ਫੜਨ ਲੱਗੀ। ਜਿਉਂ-ਜਿਉਂ ਦੋਵਾਂ ਦਾ ਇਸ਼ਕ ਬਲਵਾਨ ਹੁੰਦਾ ਗਿਆ, ਤਿਉਂ-ਤਿਉਂ ਚਰਚਾ ਵੀ ਬਲਵਾਨ ਹੁੰਦੀ ਗਈ। ਫਿਰ ਇਹ ਚਰਚਾ ਕਾਲਜ ਦੀਆਂ ਦੀਵਾਰਾਂ ਵੀ ਟੱਪ ਗਈ।

ਇਸ਼ਕ ਦੇ ਇਸ ਕਿੱਸੇ ਬਾਰੇ ਇੱਕ ਦਿਲਚਸਪ ਗੱਲ ਹੋਰ ਵੀ ਸੀ, ਜੋ ਇਸ ਨੂੰ ਵੱਧ ਚਰਚਿਤ ਕਰ ਰਹੀ ਸੀ। ਅਮਰੀਕ ਦੇਖਣ ਨੂੰ ਭਾਵੇਂ ਬੜਾ ਹੀ ਦਰਸ਼ਨੀ ਜੁਆਨ ਸੀ ਪਰ ਮੁੰਡਾ ਝਿਉਰਾਂ ਦਾ ਸੀ। ਕਣਕ-ਵੰਨੇ ਰੰਗ ਦੀ ਨੀਲਮਾ, ਅਗਰਵਾਲ ਬਾਣੀਆਂ ਦੀ ਕੁੜੀ ਸੀ। ਐਵੇਂ ਥੋੜ੍ਹਾ ਕਹਿੰਦੇ ਨੇ ਕਿ ਇਸ਼ਕ ਅੰਨ੍ਹਾ ਹੁੰਦਾ ਹੈ। ਅਮਰੀਕ ਤੇ ਨੀਲਮਾ ਦਾ ਪਿਆਰ ਰੰਗ, ਜਾਤ, ਧਰਮ ਦੇ ਬੰਧਨਾਂ ਨੂੰ ਕੋਹਾਂ ਪਿੱਛੇ ਛੱਡ ਗਿਆ। ਬੜਾ ਰੌਲਾ ਪਿਆ। ਮਾਪੇ ਅੱਡ ਪ੍ਰੇਸ਼ਾਨ। ਅਮਰੀਕ ਦਾ ਬਾਪ ਕਹੇ “ਸਾਲੇ ਦੀਆਂ ਲੱਤਾਂ ਤੋੜ ਦੂੰ, ਐਂ ਕਿਵੇਂ ਵਿਆਹ ਕਰਾ ਲੂ।” ਉਹ ਨਾਮੀ ਪੁੱਤ ਨੂੰ ਆਪਣੀ ਬਰਾਦਰੀ ਵਿੱਚ ਵਿਆਹ ਕੇ ਸਿਰ ਉੱਚਾ ਰੱਖਣਾ ਚਾਹੁੰਦਾ ਸੀ।

ਓਧਰ ਨੀਲਮਾ ਦੇ ਮਾਪੇ ਹੋਰ ਵੀ ਔਖੇ। ਉਹ ਕਦੇ ਵੀ ਬਰਦਾਸ਼ਤ ਨੀ ਸੀ ਕਰ ਸਕਦੇ ਉਨ੍ਹਾਂ ਦਾ ਜਵਾਈ ਝਿਊਰਾਂ ਦਾ ਮੁੰਡਾ ਹੋਵੇ, ਭਾਵੇਂ ਕਿੱਡਾ ਹੀ ਸੋਹਣਾ ਤੇ ਜੁਆਨ ਕਿਉਂ ਨਾ ਹੋਵੇ। ਉਹ ਨੀਲਮਾ ਨੂੰ ਕੁਦ-ਕੁਦ ਪੈਂਦੇ, “ਤੈਨੂੰ ਕੋਈ ਸ਼ਰਮ ਹੈ ਕਿ ਨਹੀਂ।” ਹੋਰ ਵੀ ਬੜਾ ਕੁੱਝ ਬੋਲਦੇ।

ਬੜਾ ਘਸਮਾਣ ਪਿਆ। ਅਮਰੀਕ ਤੇ ਨੀਲਮਾ ਨੇ ਵੀ ਜ਼ਿੱਦ ਹੀ ਫੜ ਲਈ। ਮਰਨਾ ਮਨਜ਼ੂਰ, ਹੁਣ ਅੱਡ ਨੀ ਹੋਣਾ। ਜ਼ਿਆਦਾ ਔਖਾ ਤਾਂ ਨੀਲਮਾ ਲਈ ਸੀ। ਅਗਾਂਹਵਧੂ ਵਿਚਾਰਾਂ ਦੇ ਧਾਰਨੀ ਪ੍ਰੋਫੈਸਰ ਰਾਜ ਕੁਮਾਰ ਦੀਆਂ ਗੱਲਾਂ ਦਾ ਉਸ ਉੱਪਰ ਬਹੁਤ ਅਸਰ ਸੀ। ਉਹ ਬੱਚਿਆਂ ਨੂੰ ਹਮੇਸ਼ਾ ਕਿਹਾ ਕਰਦਾ, “ਅਗਰ ਪੜ੍ਹ-ਲਿਖ ਕੇ ਵੀ ਅਸੀਂ ਜਾਤਾਂ-ਧਰਮਾਂ ਦੇ ਬੰਧਨਾਂ ਤੋਂ ਬਾਹਰ ਨਾ ਨਿਕਲੇ, ਫਿਰ ਬਾਕੀ ਸਮਾਜ ਤੋਂ ਕੀ ਆਸ। ਸਾਨੂੰ ਖ਼ੁਦ ਆਦਰਸ਼ ਬਣਨਾ ਚਾਹੀਦਾ ਹੈ। ਫੇਰ ਹੀ ਸਮਾਜ ਦਾ ਮਾਰਗ ਦਰਸ਼ਨ ਕਰ ਸਕਦੇ ਹਾਂ। ਵਰਨਾ

86/ਰੇਤ ਦੇ ਘਰ