ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਕੇ ਬੰਬਈ ਦੀ ਮਸ਼ੀਨੀ ਜ਼ਿੰਦਗੀ ਦੀ ਮਸ਼ੀਨ ਦਾ ਇੱਕ ਪੁਰਜਾ ਬਣ ਕੇ ਰਹਿ ਗਿਆ ਹੈ। ਫਲੈਟ ਦਾ ਦਰਵਾਜ਼ਾ ਸਿਰਫ਼ ਅੰਦਰ ਜਾਂ ਬਾਹਰ ਆਉਣ ਵੇਲੇ ਖੁਲ੍ਹਦਾ ਹੈ। ਅਗਰ ਨੀਲਮਾ ਉਸਨੂੰ ਬੰਬਈ ਵਿੱਚ ਅਚਾਨਕ ਕਿਸੇ ਬੱਸ ਸਟਾਪ ਜਾਂ ਰੇਲਵੇ ਸਟੇਸ਼ਨ ’ਤੇ ਮਿਲ ਪੈਂਦੀ, ਸ਼ਾਇਦ ਉਹ ‘ਹੈਲੋਂ’ ਕਹਿ ਕੇ, ਭੱਜ ਕੇ ਗੱਡੀ ਜਾਂ ਬੱਸ ’ਤੇ ਚੜ੍ਹ ਜਾਂਦਾ। ਫਿਰ ਭੀੜ 'ਚ ਧੱਕਾ-ਮੁੱਕੀ ਹੁੰਦਾ-ਹੁੰਦਾ, ਦਫ਼ਤਰ ਪਹੁੰਚਣ ਤੱਕ ਇਹ ਵੀ ਭੁੱਲ ਜਾਂਦਾ ਕਿ ਉਸਨੂੰ ਕੋਈ ਜਾਣਨ ਵਾਲਾ ਮਿਲਿਆ ਸੀ।’

“ਕਿਹੜੀਆਂ ਸੋਚਾਂ ਵਿੱਚ ਪੈ ਗਏ?” ਚਾਹ ਵਾਲੀ ਟਰੇਅ ਟੇਬਲ ’ਤੇ ਰੱਖਦਿਆਂ ਨੀਲਮਾ ਬੋਲੀ।

“ਕੁੱਝ ਵੀ ਨਹੀਂ। ਬੱਸ ਐਵੇਂ ਹੀ ਏਧਰ-ਓਧਰ ਦੇ ਖ਼ਿਆਲ ਮਨ 'ਚ ਚੱਕਰ ਕੱਟ ਰਹੇ ਸਨ।”

“ਲਓ, ਚਾਹ ਲਓ। ਇਹ ਖ਼ਿਆਲ ਹੀ ਤਾਂ ਨੇ ਜੋ ਕਦੇ ਮਨ ਨੂੰ ਅਸ਼ਾਂਤ ਕਰ ਦਿੰਦੇ ਨੇ ਤੇ ਕਦੇ ਕੋਈ ਚੰਗਾ ਖ਼ਿਆਲ ਆਉਣ ’ਤੇ ਮਨ ’ਚ ਲੱਡੂ ਫੁੱਟਣ ਲੱਗ ਪੈਂਦੇ ਨੇ। ਅਸੀਂ ਪੜ੍ਹ-ਲਿਖ ਵੀ ਗਏ, ਤਰੱਕੀ ਵੀ ਬਹੁਤ ਹੋ ਗਈ। ਨਾਲ-ਨਾਲ ਬਿਮਾਰੀਆਂ, ਫ਼ਿਕਰ ’ਤੇ ਝੋਰੇ ਵੀ ਵਧ ਗਏ।" ਨੀਲਮਾ ਬਲਵੰਤ ਦੀਆਂ ਅੱਖਾਂ ’ਚ ਵੇਖ ਰਹੀ ਸੀ।”

“ਠੀਕ ਕਿਹਾ ਨੀਲਮਾ....ਫ਼ਿਕਰ-ਭੌਰਿਆਂ ਦੀ ਹੀ ਗੱਲ ਹੈ ਕਿ ਮੈਂ ਏਧਰ ਗੇੜਾ ਮਾਰਨ ਆਇਆਂ ਹਾਂ। ਉਸ ਵਕਤ ਪੰਜਾਬ ਦੇ ਖ਼ਰਾਬ ਮਾਹੌਲ ਨੂੰ ਵੇਖਦੇ ਮੈਂ ਬੰਬਈ ਸੈਂਟ ਹੋ ਗਿਆ। ਸੋਚਿਆ ਅੱਗੇ ਬੱਚਿਆਂ ’ਤੇ ਕੋਈ ਅਸਰ ਨਾ ਪਵੇ ਪਰ ਦੇਖਿਆ ਉੱਥੇ ਵੀ ਇਹੀ ਹਾਲ ਹੈ। ਐਨੇ ਸਾਲ ਹੋ ਗਏ ਰਹਿੰਦਿਆਂ ਪਰ ਉਹ ਸਾਨੂੰ ਬਾਹਰਲਾ ਹੀ ਸਮਝਦੇ ਨੇ। ਉੱਥੇ ਸਮੱਸਿਆ ਹੈ, ਇਹ ਮਰਾਠੀ, ਇਹ ਪੰਜਾਬੀ, ਇਹ ਬਿਹਾਰੀ, ਇਹ ਦੱਖਣ ਭਾਰਤੀ, ਇਹ ਬੰਗਾਲੀ, ਇਹ ਫਲਾਣਾ, ਇਹ ਢੀਂਗੜਾ, ਪੁੱਛੋ ਨਾ। ਸਹਿਣਸ਼ੀਲਤਾ ਤਾਂ ਅੱਜਕੱਲ੍ਹ ਗੁੰਮ ਹੀ ਹੋ ਗਈ। ਸੰਵੇਦਨਾ ਰਹੀ ਕੋਈ ਨੀ। ਮਾੜੀ-ਮਾੜੀ ਗੱਲ ’ਤੇ ਬਹਿਸਾਂ, ਝਗੜੇ ਤੇ ਲੜਾਈਆਂ। ਲੋਕ ਤਾਂ ਬੱਸ ਜਿਵੇਂ ਲੜਾਈ ਦਾ ਬਹਾਨਾ ਹੀ ਭਾਲਦੇ ਹਨ। ਉੱਪਰੋਂ ਸਰਕਾਰਾਂ ਦੇ ਕਾਰੇ ਦੇਖ ਲੋ, ਪਾਣੀ ਛਿੜਕਣ ਦੀ ਥਾਂ ਤੇਲ ਛਿੜਕਦੀਆਂ ਨੇ।”

“ਜਿੱਥੇ ਮੈਂ ਰਹਿੰਨਾ, ਬਹੁਤ ਵਧੀਆ ਪੜ੍ਹੇ-ਲਿਖੇ ਲੋਕਾਂ ਦਾ ਇਲਾਕਾ ਹੈ ਪਰ ਹਮੇਸ਼ਾ ਮਨ ’ਚ ਇੱਕ ਘੁਟਣ ਜਿਹੀ ਰਹਿੰਦੀ ਹੈ। ਉਹ ਸਾਨੂੰ ਆਪਣੇ ਸਮਾਜ ਦਾ ਅੰਗ ਨਹੀਂ, ਸਿਰਫ਼ ਪੰਜਾਬੀ ਸਮਝਦੇ ਨੇ। ਗੱਲ-ਗੱਲ ’ਤੇ ਓਹ ਪੰਜਾਬੀਆਂ ਦਾ ਪਰਿਵਾਰ, ਓਹ ਪੰਜਾਬੀਆਂ ਦਾ ਮੁੰਡਾ, ਓਹ ਪੰਜਾਬੀਆਂ ਦੀ ਕੁੜੀ ਆਦਿ। ਕਿਤੇ ਵੀ ਸਾਨੂੰ ਆਪਣੇ ਸਮਾਜ ਦਾ ਹਿੱਸਾ ਨਹੀਂ ਸਮਝਦੇ। ਹਰ

88/ਰੇਤ ਦੇ ਘਰ