ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੀਡਰੀ ਚਮਕਾਉਣ ਤੇ ਨਾਅਰੇਬਾਜ਼ੀ ਸ਼ੁਰੂ। ਜ਼ਹਿਰ ਉਗਲਣ ਲੱਗੇ। ਇੱਕ ਫਿਰਕੇ ਦੀਆਂ ਦੁਕਾਨਾਂ ਦੀ ਭੰਨ-ਤੋੜ ਸ਼ੁਰੂ ਕਰਵਾ ਦਿੱਤੀ। ਲੁਟੇਰੇ ਤੇ ਹੋਰ ਸਮਾਜ ਵਿਰੋਧੀ ਅਨਸਰ ਵੀ ਨਾਲ ਆ ਰਲੇ ਤੇ ਹੱਥ ਰੰਗਣ ਲੱਗੇ। ਪੁਲਿਸ ’ਤੇ ਪਥਰਾ ਕਰਵਾ ਦਿੱਤਾ।”

“ਇਹ ਉਸ ਦਿਨ ਘਰ ਹੀ ਸਨ ਤੇ ਨਹਾ ਕੇ ਵਾਲ ਸੁਕਾ ਰਹੇ ਸਨ। ਜਿਉਂ ਹੀ ਘਟਨਾ ਦਾ ਪਤਾ ਲੱਗਾ ਤਾਂ ਝੱਟ ਵਾਲ ’ਕੱਠੇ ਕੀਤੇ ਤੇ ਪੱਗ ਵਲੇਟ ਲਈ। ਸਾਈਕਲ ਚੁੱਕ ਮੈਨੂੰ ਕਹਿਣ ਲੱਗੇ, “ਮੈਂ ਹਸਪਤਾਲ ਜਾ ਰਿਹਾਂ, ਕੀ ਪਤਾ ਮੇਰੇ ਦਿੱਤੇ ਖ਼ੂਨ ਨਾਲ ਕਿਸੇ ਨਿਰਦੋਸ਼ ਦੀ ਜਾਨ ਹੀ ਬਚ ਜੇ। ਮੈਂ ਜਲਦੀ ਨਾ ਵੀ ਮੁੜਿਆ ਤਾਂ ਫ਼ਿਕਰ ਨਾ ਕਰੀਂ।” ਮੈਂ ਅੱਗੇ ਹੋ ਕੇ ਰੋਕਿਆ ਕਿ ਜਲਦਬਾਜ਼ੀ ਨਾ ਕਰੋ। ਗੁਆਂਢਣ ਦੱਸਦੀ ਸੀ ਮਾਹੌਲ ਠੀਕ ਨਹੀਂ, ਹਜ਼ੂਮ ਗੁੱਸੇ ਤੇ ਭੜਕਾਹਟ ਵਿੱਚ ਹੈ। ਪੁਲਿਸ ’ਤੇ ਪਥਰਾ ਹੋਇਐ। ਦੁਕਾਨਾਂ ਦੀ ਭੰਨ-ਤੋੜ ਤੇ ਲੁੱਟ-ਮਾਰ ਹੋ ਰਹੀ ਹੈ। ਤੁਹਾਡੇ ਸਿਰ ’ਤੇ ਪੱਗ ਹੈ। ਹਸਪਤਾਲ ਲਈ ਬਾਜ਼ਾਰ ’ਚੋਂ ਦੀ ਜਾਣਾ ਪੈਣਾ। ਤੁਸੀਂ ਅਜੇ ਥੋੜ੍ਹੀ ਦੇਰ ਘਰ ਰੁਕੋ। ਮੈਂ ਪੂਰੀ ਖ਼ਬਰ ਲੈ ਕੇ ਆਉਂਦੀ ਹਾਂ ਪਰ ਕਿੱਥੇ, ਮੇਰੀ ਬਾਂਹ ਫੜ ਕੇ ਮੈਨੂੰ ਇੱਕ ਪਾਸੇ ਕਰਤਾ ਤੇ ਕਹਿੰਦੇ, ‘ਤੂੰ ਬਾਣੀਆਂ ਵਾਲੀਆਂ ਗੱਲਾਂ ਅਜੇ ਤੱਕ ਨੀ ਛੱਡਦੀ। ਪੱਗ ਕੀ ਕਹਿੰਦੀ ਐਂ, ਰੋਕਦੀ-ਰੋਕਦੀ ਤੋਂ ਸਾਈਕਲ ਘਰੋਂ ਬਾਹਰ ਤੇ ਹਸਪਤਾਲ ਨੂੰ ਤੁਰ ਗਏ। ਬੱਚਿਆਂ ਨੂੰ ਛੱਡ ਨਾ ਮਗਰ ਜਾਣ ਜੋਗੀ, ਨਾ ਦੋਵਾਂ ਨੂੰ ਨਾਲ ਲੈ ਕੇ ਤੁਰਨ ਜੋਗੀ। ਗੁਆਂਢਣ ਨੂੰ ਆਵਾਜ਼ ਮਾਰ ਉਸਨੂੰ ਸਾਰੀ ਗੱਲ ਦੱਸੀ।”

“ਅਜੇ ਵੀਹ-ਪੰਝੀ ਮਿੰਟ ਮਸਾਂ ਹੋਏ ਹੋਣਗੇ, ਕੀ ਦੇਖਦੇ ਹਾਂ ਕਿ 9-10 ਬੰਦੇ ਉਨ੍ਹਾਂ ਨੂੰ ਚੁੱਕੀ ਆਉਣ। ਉਨ੍ਹਾਂ ਨੂੰ ਲਹੂ-ਲੁਹਾਣ ਦੇਖ ਮੇਰੇ ਤਾਂ ਹੋਸ਼ ਹੀ ਉੱਡ ਗਏ। ਗੁਆਂਢੀ ਕੋਲ ਗੱਡੀ ਸੀ ਆਪਣੀ ਟੈਕਸੀ, ਵਿਚਾਰਾ ਫੱਟ ਸਟਾਰਟ ਕਰ ਲਿਆਇਆ। ਗੱਡੀ ’ਚ ਪਾ ਲਿਆ ਤੇ ਰੋਂਦੀ-ਰੋਂਦੀ ਮੈਂ ਵੀ ਨਾਲ ਬੈਠ ਗਈ। ਖ਼ੂਨ ਵਗਦਾ ਦੇਖ ਹੌਲ ਪੈ ਰਹੇ ਸਨ ਤੇ ਛੋਟੇ ਬੱਚੇ ਵਾਂਗੂੰ ਉਨ੍ਹਾਂ ਦਾ ਸਿਰ ਬਾਹਾਂ ਵਿੱਚ ਫੜੀ ਬੈਠੀ ਸਾਂ। ਉਨ੍ਹਾਂ ਆਪਣੇ ਇੱਕ ਹੱਥ ਨਾਲ ਮੇਰਾ ਹੱਥ ਫੜਿਆ ਹੋਇਆ ਸੀ ਤੇ ਹੌਲੀ-ਹੌਲੀ ਕੁੱਝ ਬੋਲ ਰਹੇ ਸਨ। ਕੀ ਕਹਿ ਰਹੇ ਸਨ, ਕੁਝ ਸਮਝ ਨਾ ਆਇਆ। ਮੈਨੂੰ ਸੁਣਨ-ਸਮਝਣ ਦੀ ਸੁਰਤ ਹੀ ਕਿੱਥੇ ਸੀ। ਹਸਪਤਾਲ ਕੋਲ ਪਹੁੰਚੇ ਹੀ ਸੀ ਕਿ ਉਨ੍ਹਾਂ ਦੇ ਹੱਥ ਦਾ ਕਸ ਵਧਣ ਲੱਗਾ। ਰੋਂਦੀ-ਰੋਂਦੀ ਨੇ ਉਨ੍ਹਾਂ ਦੇ ਮੂੰਹ ਵੱਲ ਵੇਖਿਆ ਤੇ ਸਿਰ ਨੂੰ ਹੋਰ ਘੁੱਟ ਕੇ ਹਿੱਕ ਨਾਲ ਲਾ ਲਿਆ। ਮੇਰਾ ਹੱਥ ਉਨ੍ਹਾਂ ਪੂਰੀ ਜ਼ੋਰ ਦੀ ਘੁੱਟ ਲਿਆ ਤੇ ਫੇਰ ਉਨ੍ਹਾਂ ਦੀਆਂ ਅੱਖਾਂ ਟੱਡੀਆਂ ਗਈਆਂ। ਵੇਖਦੇ ਹੀ ਵੇਖਦੇ, ਉਨ੍ਹਾਂ ਆਖ਼ਰੀ ਸਾਹ ਲਿਆ ਤੇ ਪ੍ਰਾਣ ਤਿਆਗ ਦਿੱਤੇ। ਮੈਂ ਵੀ ਬੇਹੋਸ਼ ਹੋ ਗਈ। ਬੱਸ ਵੀਰ ਜੀ, ਹੁਣ ਮੈਂ ਇਕ ਵਿਧਵਾ ਸਾਂ ਤੇ ਬੱਚੇ ਅਨਾਥ।” ਐਨੀਆਂ ਗੱਲਾਂ ਕਰਦੀ ਨੀਲਮਾ ਦੀਆਂ

90/ਰੇਤ ਦੇ ਘਰ