ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖ਼ੀਰ ਫੈਸਲਾ ਕੀਤਾ, ਜੋ ਵੀ ਹੈ, ਗੱਲ ਵਿਜੈ ਦੇ ਮਨ ’ਚੋਂ ਬਾਹਰ ਲੈ ਆਉਣੀ ਚਾਹੀਦੀ ਹੈ। ਸ਼ਾਇਦ ਉਸਨੂੰ ਵੀ ਸਕੂਨ ਮਿਲੇ। ਮੈਂ ਵਿਜੈ ’ਤੇ ਆਪਣਾ ਹੱਕ ਜਤਾਉਂਦੇ ਹੋਏ ਕਿਹਾ, “ਵੀਰ ਤੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਪਰ ਸਮਝਦਾ ਹਾਂ ਮਨ ਤੇ ਬੋਝ ਨਹੀਂ ਰੱਖਣਾ ਚਾਹੀਦਾ। ਕੀ ਗੱਲ ਹੈ ਖੁੱਲ੍ਹ ਕੇ ਦੱਸ, ਸ਼ਾਇਦ ਮੈਂ ਕੋਈ ਮੱਦਦ ਕਰ ਸਕਾਂ।”

ਉਹਨੇ ਕੁੱਝ ਚਿਰ ਸੋਚਿਆ, ਚਿਹਰੇ ਦੀ ਗੰਭੀਰਤਾ ਨੂੰ ਛੰਡਿਆ ਤੇ ਬੋਲਿਆ, “ਠੀਕ ਹੈ ਇੰਦਰ ਲੈ ਸੁਣ। ਸਾਰੀ ਕਹਾਣੀ ਹੀ ਸੁਣ। ਤੂੰ ਮੇਰੀ ਘਰਵਾਲੀ ਕਮਲੇਸ਼ ਨੂੰ ਤਾਂ ਹੁਣ ਚੰਗੀ ਤਰ੍ਹਾਂ ਜਾਣਦਾ ਹੀ ਹੈਂ।” ਐਨਾ ਕਹਿ ਕੇ ਉਹ ਅਚਾਨਕ ਚੁੱਪ ਹੋ ਗਿਆ।

ਮੈਂ ਸੋਚਿਆ, ਲੈ ਬਈ ਹੋ ਗਈ ਉਹੀ ਗੱਲ। ਮੈਨੂੰ ਇਸ ਘਰ ਵਿੱਚ ਜਿਹੜੀ ਇੱਕੋ ਗੱਲ ਪ੍ਰੇਸ਼ਾਨ ਕਰਦੀ ਤੇ ਖਟਕਦੀ ਸੀ, ਉਹ ਸੀ ਕਮਲੇਸ਼ ਦਾ ਸੁਭਾਅ। ਅੰਦਰ ਹੀ ਅੰਦਰ ਮੇਰਾ ਮਨ ਡਰਦਾ ਰਹਿੰਦਾ ਕਿ ਕਿਸੇ ਗੱਲ ਕਰਕੇ ਮੇਰੀ ਮੈਡਮ ਤੇ ਕਮਲੇਸ਼ ਦਾ ਕਿਸੇ ਗੱਲ ’ਤੇ ਪੇਚਾ ਨਾ ਪੈ ਜਾਵੇ। ਵਿਜੈ ਵੀਰ ਨਾਲ ਬਣੇ ਸਬੰਧ ਖ਼ਰਾਬ ਨਾ ਹੋ ਜਾਣ। ਪਹਿਲਾਂ-ਪਹਿਲ ਮੈਂ ਸੋਚਿਆ, ਸ਼ਾਇਦ ਕਮਲੇਸ਼ ਨੂੰ ਕੋਈ ਮਾਨਸਿਕ ਬਿਮਾਰੀ ਹੋ ਸਕਦੀ ਹੈ ਪਰ ਮੈਂ ਇਸ ਵਿਸ਼ੇ ’ਤੇ ਚੁੱਪ ਵੱਟੀ ਰੱਖੀ। ਜਿਸ ਮਿੱਤਰ ਰਾਹੀਂ ਵਿਜੈ ਨਾਲ ਜਾਣ-ਪਹਿਚਾਣ ਹੋਈ, ਉਹ ਵੀ ਅਜਿਹਾ ਸੋਚਦਾ ਸੀ। ਜਦ ਮੈਂ ਕਮਲੇਸ਼ ਬਾਰੇ ਉਸ ਨਾਲ ਗੱਲ ਕੀਤੀ ਸੀ ਤਾਂ ਕਹਿਣ ਲੱਗਾ, “ਇੰਦਰ, ਤੂੰ ਕਮਲੇਸ਼ ਦੇ ਸੁਭਾਅ ਤੋਂ ਕੀ ਲੈਣਾ। ਵਿਜੈ ਤੱਕ ਮਤਲਬ ਰੱਖ। ਵਿਜੈ ਬਾਰੇ ਕੋਈ ਤਕਲੀਫ਼ ਹੈ ਤਾਂ ਦੱਸ। ਬਾਕੀ ਮੈਨੂੰ ਲੱਗਦੈ ਉਹ ਬਿਮਾਰ ਰਹਿੰਦੀ ਹੈ।”

“ਚਲੋ, ਗੱਲ ਆਈ-ਗਈ ਹੋ ਗਈ। ਮੈਂ ਚੁੱਪ ਵੱਟ ਲਈ। ਹੁਣ ਵਿਜੈ ਦਾ ਇਹ ਕਹਿਣਾ, ‘ਤੂੰ ਮੇਰੀ ਘਰਵਾਲੀ ਕਮਲੇਸ਼ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੀ ਹੈ। ਸੁਣ ਮੇਰੇ ਅੱਗੇ ਕਈ ਸੁਆਲ ਖੜ੍ਹੇ ਹੋ ਗਏ। ਸੋਚਣ ਲੱਗਾ ਕਮਲੇਸ਼ ਬਾਰੇ ਜੋ ਗੰਢ ਮੇਰੇ ਮਨ ਵਿੱਚ ਬਣੀ ਹੋਈ ਹੈ, ਸ਼ਾਇਦ ਐਸੀ ਕੋਈ ਗੰਢ ਵਿਜੈ ਦੇ ਮਨ ਵਿੱਚ ਵੀ ਹੈ। ਹੁਣ ਕੀ ਕੀਤਾ ਜਾਵੇ। ਫੇਰ ਸੋਚਿਆ ਕਿੰਨਾ ਕੁ ਚਿਰ ਬਚਦੇ ਰਹਾਂਗੇ। ਵਿਜੈ ਨੇ ਗੱਲ ਛੇੜ ਹੀ ਲਈ ਹੈ ਤਾਂ ਕਿਉਂ ਨਾ ਖੋਲ੍ਹ ਹੀ ਲਈ ਜਾਵੇ। ਸੋ ਮੈਂ ਕਿਹਾ, “ਹਾਂ ਵੀਰ ਜਾਣਦਾ ਤਾਂ ਹਾਂ। ਭਾਬੀ ਜੀ ਜ਼ਿਆਦਾ ਚੁੱਪ ਜੇ ਰਹਿੰਦੇ ਨੇ ਪਰ ਇਹ ਸੁਭਾਅ ਪਹਿਲਾਂ ਤੋਂ ਹੈ ਜਾਂ ਸ਼ਾਦੀ ਤੋਂ ਬਾਅਦ ਇਹ ਤਾਂ....?” ਐਨਾ ਕਹਿ ਮੈਂ ਗੱਲ ਵਿੱਚੇ ਹੀ ਅਧੂਰੀ ਛੱਡ ਦਿੱਤੀ।

ਵਿਜੈ ਨੇ ਗੌਰ ਨਾਲ ਮੇਰੇ ਵੱਲ ਦੇਖਿਆ। ਕੁੱਝ ਦੇਰ ਚੁੱਪ ਰਿਹਾ। ਫਿਰ ਉਹ ਖੁੱਲ੍ਹ ਪਿਆ, “ਇੰਦਰ ਗੱਲ ਇਹ ਹੈ, ਮੇਰੇ ਪਿਤਾ ਜੀ ਤੇ ਕਮਲੇਸ਼ ਦੇ ਪਿਤਾ ਜੀ ਗੁੜ੍ਹੇ ਮਿੱਤਰ ਸਨ। ਦੋਵਾਂ ਨੇ ਇਹ ਰਿਸ਼ਤਾ ਉਸ ਵਕਤ ਤੈਅ ਕਰ ਲਿਆ

95/ਰੇਤ ਦੇ ਘਰ