ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਕੁਲਜੀਤ ਵੀ ਇਸ ਮਕਾਨ ਵਿੱਚ ਕਿਰਾਏ ’ਤੇ ਰਹੇ ਸੀ। ਸਤਿਬੀਰ ਨੇਵੀ ’ਚ ਕੰਮ ਕਰਦਾ ਸੀ, ਇੰਜਨੀਅਰ ਸੀ ਕੋਈ। ਬੜਾ ਜਵਾਨ ਤੇ ਪਿਆਰਾ ਇਨਸਾਨ, ਬਿਲਕੁਲ ਤੇਰੇ ਵਰਗਾ। ਕੁਲਜੀਤ ਉਸਦੇ ਘਰਵਾਲੀ ਸੀ। ਉਹ ਵੀ ਬਹੁਤ ਨੇਕ ਸੁਭਾਅ ਦੀ ਔਰਤ ਸੀ, ਬੜੀ ਸਮਝਦਾਰ ਤੇ ਸਿਆਣੀ। ਸੋਹਣੀ ਵੀ ਬਹੁਤ ਸੀ। ਦੋਵਾਂ ਦੀ ਬੜੀ ਕਮਾਲ ਦੀ ਜੋੜੀ ਸੀ। ਜਿਵੇਂ ਕਹਾਵਤ ਹੈ, ‘ਜੋੜੀਆਂ ਜੱਗ ਥੋੜੀਆਂ, ਸਿਰ ਨਰੜ ਬਥੇਰੇ’। ਦੋਵਾਂ ’ਚ ਪਿਆਰ ਵੀ ਬਹੁਤ ਸੀ। ਫੇਰ ਪਤਾ ਨੀ ਰੱਬ ਨੂੰ ਕੀ ਮਨਜ਼ੂਰ ਸੀ, ਅਚਾਨਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕੀ ਹੋਇਆ, ਕਿਵੇਂ ਹੋਇਆ, ਕੋਈ ਪਤਾ ਨੀ। ਦੱਸਿਆ ਇਹੀ ਗਿਆ ਕਿ ਜਹਾਜ਼ ’ਚ ਕੋਈ ਐਕਸੀਡੈਂਟ ਹੋਇਆ ਤੇ ਸਤਿਬੀਰ ਦੀ ਮੌਤ ਹੋ ਗਈ। ਉਹ ਹੋ....ਅ....ਅ। ਉਹਦੀ ਮੌਤ ਦੀ ਖ਼ਬਰ ਕੀ ਆਈ, ਬਸ ਕਹਿਰ ਹੀ ਟੁੱਟ ਪਿਆ। ਪੁੱਛ ਨਾ ਇੰਦਰ ਫੇਰ ਤਾਂ ਕੀ ਬੀਤੀ। ਰੱਬ ਕਿਸੇ ਨੂੰ ਐਸਾ ਵਕਤ ਨਾ ਦਿਖਾਵੇ।”

ਵਿਜੈ ਚੁੱਪ ਹੋ ਗਿਆ। ਅੱਖਾਂ ਵਿੱਚ ਪਾਣੀ ਤੈਰਨ ਲੱਗਾ। ਸੁਣ ਕੇ ਮੈਂ ਵੀ ਸੁੰਨ ਹੋ ਗਿਆ, “ਹੈਂਅ! ਜਿਸ ਸਤਿਬੀਰ ਦਾ ਵਿਜੈ ਅਕਸਰ ਜ਼ਿਕਰ ਕਰਦਾ ਰਹਿੰਦਾ ਹੈ, ਉਹ ਮਰ ਚੁੱਕਾ ਹੈ।” ਕਾਫ਼ੀ ਦੇਰ ਤੱਕ ਮੈਂ ਸੁੰਨ ਜਿਹਾ ਬੈਠਾ ਰਿਹਾ।

ਕੁੱਝ ਚਿਰ ਬਾਅਦ ਮੈਂ ਥੋੜ੍ਹਾ ਹੌਸਲਾ ਕੀਤਾ। ਆਪਣਾ ਸੱਜਾ ਹੱਥ ਉਦਾਸ ਬੈਠੇ ਵਿਜੈ ਦੇ ਮੋਢੇ 'ਤੇ ਰੱਖਿਆ। ਵਿਜੈ ਦੀਆਂ ਪਲਕਾਂ ਬੰਦ ਹੋ ਗਈਆਂ। ਰੁਕੇ ਹੋਏ ਹੰਝੂ ਵਹਿ ਤੁਰੇ। ਸਿਰ ਏਧਰ-ਓਧਰ ਹਿੱਲਣ ਲੱਗਾ। ਕੋਈ ਗਹਿਰੀ ਪੀੜ ਉਸਦੇ ਚਿਹਰੇ ’ਤੇ ਸਾਫ਼ ਦਿਖਾਈ ਦੇ ਰਹੀ ਸੀ।

ਕੁੱਝ ਚਿਰ ਚੁੱਪ ਵਰਤੀ ਰਹੀ। ਦੋਵੇਂ ਚੁੱਪ ਬੈਠੇ ਰਹੇ। ਫਿਰ ਸਾਹਮਣੇ ਪਏ ਗਿਲਾਸ ’ਚੋਂ ਵਿਜੈ ਨੇ ਦੋ ਘੁੱਟ ਭਰੇ, ਗਲਾ ਸਾਫ਼ ਕੀਤਾ ਤੇ ਅੱਗੇ ਦੱਸਣ ਲੱਗਾ, “ਮੌਤ ਦੀ ਖ਼ਬਰ ਕੁਲਜੀਤ ’ਤੇ ਕਹਿਰ ਬਣ ਕੇ ਆਈ। ਉਸਨੇ ਰੋ-ਰੋ ਉਹ ਬੁਰਾ ਹਾਲ ਕਰ ਲਿਆ। ਘਰ ’ਚ ਕੁਹਰਾਮ ਮੱਚ ਗਿਆ। ਚੀਕਾਂ ਮਾਰ-ਮਾਰ ਰੋਂਦੀ ਉਹ ਝੱਲੀ ਨਾ ਜਾਂਦੀ। ਉਸਦੇ ਸਾਹਮਣੇ ਹੁੰਦਾ ਤਾਂ ਉਹ ਹੋਰ ਧਾਹਾਂ ਮਾਰਨ ਲੱਗ ਜਾਂਦੀ। ‘ਹਾਏ ਭਾਅ ਜੀ ਤੁਹਾਡਾ ਦੋਸਤ ਮੈਨੂੰ ’ਕੱਲੀ ਨੂੰ ਛੱਡ ਗਿਆ....ਮੈਂ ਕੀਹਦੇ ਆਸਰੇ ਜੀਵਾਂਗੀ... ਕਿਵੇਂ ਜੀਵਾਂਗੀ....ਹਾੜ੍ਹਾ ਉਸਨੂੰ ਲੱਭ ਲਿਆਓ ... ਹਾੜ੍ਹਾ ਓਨ੍ਹਾਂ ਨੂੰ ਮੋੜ ਕੇ ਲਿਆਓ....ਹਾਇ ਮੈਂ ਸਤਿਬੀਰ ਬਿਨਾਂ ਨਹੀਂ ਜੀ ਸਕਦੀ।’....ਉਹ ਬਹੁਤ ਕੁੱਝ ਬੋਲਦੀ ਜਾਂਦੀ। ਰੋਈ ਜਾਂਦੀ, ਬੋਲਦੀ ਜਾਂਦੀ। ਉਸਦੇ ਦਰਦ ਭਰੇ ਬੋਲ ਸੁਣ-ਸੁਣ ਮੇਰਾ ਵੀ ਰੋਣ ਨਿਕਲ ਜਾਂਦਾ।”

“ਜਦੋਂ ਇਹ ਮਾੜੀ ਖ਼ਬਰ ਮਿਲੀ, ਉਸ ਵਕਤ ਘਰ ਵਿੱਚ ਮੈਂ ਸਾਂ, ਕਮਲੇਸ਼ ਸੀ ਤੇ ਸਾਡੇ ਬੱਚੇ ਸਨ। ਓਧਰ ਕੁਲਜੀਤ ਸੀ ਤੇ ਉਸਦਾ ਬੱਚਾ ਸੀ।

97/ਰੇਤ ਦੇ ਘਰ