ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚੇ ਤਾਂ ਛੋਟੇ ਸਨ, ਕਮਲੇਸ਼ ਜੀਹਨੇ ਇਸ ਹਾਲਤ ’ਚ ਕੁਲਜੀਤ ਨੂੰ ਦਿਲਾਸਾ ਦੇਣਾ ਸੀ, ਸਾਂਭਣਾ ਸੀ, ਉਹ ਉੱਕਾ ਹੀ ਚੁੱਪ ਹੋ ਗਈ। ਕੁਲਜੀਤ ਕੋਲ ਬੈਠੇ, ਕੋਈ ਗੱਲ ਕਰੇ, ਉਸਨੂੰ ਚੁੱਪ ਕਰਾਵੇ, ਦਿਲਾਸਾ ਦੇਵੇ....ਕੁੱਝ ਵੀ ਨਹੀਂ। ਦੂਰ-ਦੂਰ ਫਿਰਦੀ ਰਹਿੰਦੀ। ਬੜਾ ਅਜੀਬ ਲੱਗਦਾ....ਕੈਸੀ ਔਰਤ ਹੈ? ਔਰਤ ਹੋ ਕੇ ਵੀ ਦੂਸਰੀ ਔਰਤ ਦੇ ਦੁੱਖ ਨੂੰ ਨਹੀਂ ਸਮਝਦੀ? ਫਿਰ ਦੁੱਖ ਵੀ ਕੋਈ ਛੋਟਾ ਨਹੀਂ ਸੀ। ਪਹਾੜ ਜਿੱਡਾ ਦੁੱਖ ਸੀ। ਭਾਵੇਂ ਮੈਂ ਕਮਲੇਸ਼ ਦੇ ਸੁਭਾਅ ਨੂੰ ਜਾਣਦਾ ਸੀ, ਫਿਰ ਵੀ ਚਾਹੁੰਦਾ ਸੀ ਕਿ ਇਸ ਦੁੱਖ ਦੀ ਘੜੀ ’ਚ ਉਹ ਕੁੱਝ ਹਮਦਰਦੀ ਜ਼ਰੂਰ ਦਿਖਾਵੇ....ਪਰ ਨਾ।”

“ਹਮਦਰਦੀ ਵਜੋਂ ਜਦੋਂ ਮੈਂ ਕੁਲਜੀਤ ਕੋਲ ਜਾ ਬੈਠਦਾ, ਕਮਲੇਸ਼ ਨੂੰ ਇਹ ਵੀ ਬੁਰਾ ਲੱਗਦਾ। ਬੜਾ ਹੈਰਾਨ ਤੇ ਪ੍ਰੇਸ਼ਾਨ। ਮਨ ਹੀ ਮਨ ਸੋਚਦਾ, ‘ਜਲਦੀ ਕੁਲਜੀਤ ਦਾ ਪਰਿਵਾਰ ਆ ਜਾਵੇ ਤੇ ਇਸਨੂੰ ਸੰਭਾਲੇ।’ ਘਰ ਵਿੱਚ ਬੜਾ ਅਜੀਬ ਮਾਹੌਲ ਸੀ। ਉਸਦਾ ਬੱਚਾ ਐਨਾ ਛੋਟਾ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ, ਇਹ ਸਭ ਕੀ ਹੋ ਰਿਹਾ ਹੈ। ਪਹਿਲਾਂ ਉਹ ਮੇਰੇ ਬੱਚਿਆਂ ਨਾਲ ਖੇਡ ਲੈਂਦਾ ਸੀ। ਹੁਣ ਉਹ ਗੁੰਮ-ਸੁੰਮ ਹੋਇਆ ਮੰਮੀ ਕੋਲ ਹੀ ਬੈਠਾ ਰਹਿੰਦਾ। ਕਹਿਣ ’ਤੇ ਵੀ ਮੇਰੇ ਬੱਚਿਆਂ ਕੋਲ ਨਾ ਜਾਂਦਾ। ਮੈਨੂੰ ਬੜਾ ਤਰਸ ਆਉਂਦਾ। ਬੜਾ ਮੋਹ ਆਉਂਦਾ। ਮੈਂ ਉਸ ਨੂੰ ਗੋਦ ਵਿੱਚ ਬਿਠਾ ਲੈਂਦਾ ਤੇ ਆਪਣੀ ਛਾਤੀ ਨਾਲ ਘੁੱਟ ਲੈਂਦਾ। ਉਸ ਨਾਲ ਪਿਆਰ ਕਰਦਾ। ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ।”

ਕਮਲੇਸ਼ ਦਾ ਵਿਵਹਾਰ ਵੇਖ ਮੈਨੂੰ ਖਿਝ ਉਠਦੀ। ਜੀਅ ਕਰਦਾ ਚੀਕ-ਚੀਕ ਕੇ ਕਮਲੇਸ਼ ਨੂੰ ਪੁੱਛਾਂ, ‘ਤੂੰ ਔਰਤ ਹੈਂ ਜਾਂ ਡਾਇਣ?’ ਮਨ ਹੀ ਮਨ ਬੜਾ ਤੜਫ਼ਦਾ ਤੇ ਕਮਲੇਸ਼ ਨੂੰ ਬੁਰਾ-ਭਲਾ ਬੋਲਦਾ ਪਰ ਅਸਲ ’ਚ ਮੈਂ ਚੁੱਪ-ਚਾਪ ਬੈਠਾ ਹੁੰਦਾ। ਉੱਚੀ ਬੋਲ ਕੇ ਕੁੱਝ ਕਹਾਂ....ਮੇਰੀ ਹਿੰਮਤ ਨਹੀਂ ਸੀ ਪੈਂਦੀ। ਆਪਣੇ ਆਪ ’ਤੇ ਖਿਝ ਆਉਣ ਲੱਗ ਪਈ। ਇਸ ਸਾਰੇ ਵਰਤਾਰੇ ਦੌਰਾਨ ਕੁਲਜੀਤ ਪ੍ਰਤੀ ਮੇਰੀ ਹਮਦਰਦੀ ਵਧਦੀ-ਵਧਦੀ ਬੱਸ ਵਧਦੀ ਹੀ ਗਈ।

ਕੁੱਝ ਦਿਨਾਂ ਬਾਅਦ ਉਸਦੀ ਮਾਂ ਤੇ ਭਰਾ ਉਸਨੂੰ ਲੈਣ ਆ ਗਏ ਤੇ ਮੈਂ ਸ਼ੁਕਰ ਮਨਾਇਆ। ਮੈਂ ਵੀ ਚਾਹੁੰਦਾ ਸੀ ਉਹ ਪੰਜਾਬ ਆਪਣੇ ਪਰਿਵਾਰ ਵਿੱਚ ਚਲੀ ਜਾਵੇ। ਆਪਣਿਆਂ ਵਿੱਚ ਬੈਠ, ਗੱਲਾਂ ਕਰਕੇ ਮਨ ਹੌਲਾ ਕਰ ਸਕੇ। ਐਸੀ ਹਾਲਤ ਵਿੱਚ ਉਸਦਾ ਆਪਣੇ ਪਰਿਵਾਰ ਦੇ ਜੀਆਂ ’ਚ ਹੋਣਾ ਬਹੁਤ ਜ਼ਰੂਰੀ ਸੀ। ਬੱਚੇ ਨੂੰ ਸਕੂਲ ਤੋਂ ਪੰਦਰਾਂ ਦਿਨ ਦੀਆਂ ਛੁੱਟੀਆਂ ਲੈ ਮੈਂ ਉਨ੍ਹਾਂ ਨੂੰ ਪੰਜਾਬ ਲਈ ਗੱਡੀ ਚੜ੍ਹਾ ਦਿੱਤਾ।

ਕੁਲਜੀਤ ਹੁਰਾਂ ਦੇ ਜਾਣ ’ਤੇ ਮੈਂ ਸੁੱਖ ਦਾ ਸਾਹ ਲਿਆ, ‘ਚਲੋ ਹੁਣ ਮਨ ਨੂੰ ਸ਼ਾਂਤੀ ਮਿਲੇਗੀ’ ਪਰ ਕਿੱਥੇ, ਉਸੇ ਰਾਤ ਉਨ੍ਹਾਂ ਦੀਆਂ ਯਾਦਾਂ ਫੇਰ ਘੇਰ

98/ਰੇਤ ਦੇ ਘਰ