ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ ਆਪਣੇ ਵੱਲੋਂ

ਮੇਰਾ ਬਾਲ ਸਾਹਿਤ ਦਾ ਸਫ਼ਰ, ਮੇਰੀ ਕਲਮ ਦੇ ਸਫ਼ਰ (1985) ਤੋਂ ਕੋਈ ਸੱਤ ਕੁ ਸਾਲ ਬਾਅਦ (1992) ਉਦੋਂ ਦਾ ਹੈ, ਜਦੋਂ ਮੈਂ ਪ੍ਰਾਈਵੇਟ ਸਕੂਲਾਂ (ਸੇਂਟ ਸੋਲਜ਼ਰ, ਗੋਲਡਨ, ਦਸ਼ਮੇਸ਼ ਪਬਲਿਕ ਸਕੂਲ ਭੁਨਰਹੇੜੀ, ਮੰਜਾਲ ਕਲਾਂ ਤੇ ਮਹਿਮੂਦਪੁਰ ਆਦਿ) ਵਿਚ ਛੋਟੇ ਬੱਚਿਆਂ ਨੂੰ ਪੜ੍ਹਾਉਂਦਾ ਹੋਇਆ ਕੁਝ ਕੁ ਬਾਲ-ਮੈਗਜ਼ੀਨਾਂ (ਹੰਸਤੀ ਦੁਨੀਆਂ, ਨਿੱਕੀਆਂ ਕਰੂੰਬਲਾਂ, ਪ੍ਰਾਇਮਰੀ ਸਿੱਖਿਆ, ਪੰਖੜੀਆਂ ਆਦਿ) ਨਾਲ ਜੁੜਿਆ ਸਾਂ। ਹੁਣ ਤੱਕ ਜੁੜਿਆ ਹੀ ਆ ਰਿਹਾ ਹਾਂ।

ਪੰਜਾਬੀ ਗੀਤਾਂ (ਏਕਲ ਤੇ ਯੂਗਲ) ਕਲੀਆਂ, ਕਵਿਸ਼ਰੀ, ਸ਼ਾਇਰੀ ਆਦਿ ਲਿਖਣ ਉਪਰਾਂਤ ਮੈਂ ਬਾਲ ਸਾਹਿਤ ਉੱਤੇ ਵੀ ਕਲਮ ਅਜ਼ਮਾਉਣੀ ਸ਼ੁਰੂ ਕਰ ਦਿੱਤੀ, ਜੋ ਇਨ੍ਹਾਂ ਹੀ ਮੈਗਜ਼ੀਨਾਂ ਦੇ ਸਹਿਯੋਗ ਨਾਲ ਸਫਲ ਹੋ ਨਿੱਬੜੀ। ਇਹ ਸਫ਼ਰ 1997 ਤੱਕ ਬੱਚਿਆਂ ਨਾਲ ਸਕੂਲਾਂ ਵਿਚ ਸਾਂਝਾ ਰਿਹਾ। ਇਸ ਤੋਂ ਬਾਅਦ ਹੁਣ ਤੱਕ ਸਕੂਲ ਕੋਲ ਹੀ ਸਟੇਸ਼ਨਰੀ ਦੀ ਦੁਕਾਨ (ਪੁਆਧ ਬੁੱਕ ਡੀਪੁ) ਹੋਣ ਕਾਰਨ ਬੱਚਿਆਂ ਨਾਲ ਵਿਚਰਨ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਉਨ੍ਹਾਂ ਦੇ ਹਰ ਅੰਦਾਜ਼ (ਹੱਸਣ-ਰੋਣ, ਰੁੱਸਣ-ਮੰਨਣ, ਨੋਕ-ਝੋਕ, ਭੋਲੇਪਣ ਆਦਿ) ਨੇ ਮੈਨੂੰ ਸਦਾ ਹੀ ਬੱਚਿਆਂ ਵਿਚ ਬੱਚਾ ਬਣਾਈ ਰੱਖਿਆ। ਜਿਸ ਦਾ ਲਾਹਾ ਮੈਂ ਬਾਲ ਸਾਹਿਤ ਰਾਹੀਂ ਲੈਂਦਾ ਤੇ ਸੰਭਾਲਦਾ ਰਿਹਾ।

ਮੈਂ ਹੁਣ ਤੱਕ ਕੋਈ ਵੀਹ ਕੁ ਵੰਨਗੀਆਂ ਵਾਲੇ (ਨਰਸਰੀ, ਹਾਸਰਸ, ਕਾਵਿ-ਕਹਾਣੀ, ਹਾਇਕੂ, ਬੋਲੀਆਂ, ਗੀਤ ਆਦਿ) ਹਜ਼ਾਰਾਂ ਤੋਂ ਉੱਪਰ ਬਾਲ ਗੀਤਾਂ ਦੀ ਸਿਰਜਣਾ ਕਰ ਚੁੱਕਾ ਹਾਂ ਤੇ ਅੱਗੇ ਵੀ ਨਿਰੰਤਰ ਕਰ ਰਿਹਾ ਹਾਂ। ਮੇਰੀਆਂ ਪਿਛਲੀਆਂ ਬਾਲ ਪੁਸਤਕਾਂ (ਮੋਘੇ ਵਿਚਲੀ ਚਿੜੀ ਤੇ ਆਓ ਪੰਜਾਬੀ ਸਿੱਖੀਏ) ਨੂੰ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਮੈਨੂੰ ਪੂਰੀ ਆਸ ਹੈ ਕਿ ਮੇਰੀ ਇਹ ਬਾਲ ਪੁਸਤਕ ‘ਰੇਲੂ ਰਾਮ ਦੀ ਬਸ’ ਵੀ ਬਾਲ ਮਨਾਂ ਦੀ ਕੋਮਲ ਸੜਕ 'ਤੇ ਗੂੰਜਦੀ ਰਹੇਗੀ ਤੇ ਮਿੱਠਾ ਜਿਹਾ ਹੋਕਰਾ ਮਾਰ ਕੇ ਆਪਣੇ ਵੱਲ ਨੂੰ ਖਿੱਚਦੀ, ਕਾਵਿਮਈ ਝੂਟੇ ਦਿੰਦੀ ਹੋਈ ਉਨ੍ਹਾਂ ਦਾ ਖੂਬ ਮਨੋਰੰਜਨ ਕਰਦੀ ਰਹੇਗੀ।

ਤੁਹਾਡਾ ਤੋਤਲਾ ਹੁੰਗਾਰਾ, ਮੇਰੀ ਕਲਮ ਦਾ ਦੋਮ।
ਭਰੋ ਦਮਦਮਾ ਦਮ, ਚੱਲੇ ਦਮ ਦਮਾ ਦਮ।

ਤੁਹਾਡਾ ਆਪਣਾ,
ਚਰਨ ਪੁਆਧੀ

ਰੇਲੂ ਰਾਮ ਦੀ ਬੱਸ - 5