ਪੰਨਾ:ਲਕੀਰਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲੇ ਤੇਗ਼ ਜਾਂ ਤੇਰੀ ਮਿਆਨ ਵਿਚੋਂ,
ਬਿਜਲੀ ਅੰਬਰਾਂ ਦੇ ਉਤੇ ਕੜਕਦੀ ਸੀ।
ਤੇਰੇ ਘੋੜੇ ਦੇ ਸੁਮਾਂ ਦੀ ਟਾਪ ਸੁਣ ਕੇ,
ਛਾਤੀ ਮੁਗ਼ਲ ਪਠਾਨਾਂ ਦੀ ਧੜਕਦੀ ਸੀ।
ਜਿਹੜੇ ਪਾਸੇ ਸੀ ਹੁੰਦੀ ਨਿਗਾਹ ਤੇਰੀ,
ਗੋਲੀ ਵੈਰੀ ਦੇ ਸੀਨੇ ਚ ਰੜਕਦੀ ਸੀ।
ਕਰਦਾ ਜਦੋਂ ਸੈਂ ਚੰਡੀ ਦੀ ਵਾਰ ਸ਼ੇਰਾ,
ਤੇਰੇ ਲਾਗੇ ਨਾ ਮੌਤ ਵੀ ਫੜਕਦੀ ਸੀ।

ਅਣਖੀ ਸੂਰਮਾਂ ਧੰਨੀ ਤਲਵਾਰ ਵਾਲਾ,
ਦਿੰਦਾ ਮੂੰਹ ਵਰਿਆਮਾਂ ਦੇ ਫੇਰ ਸੈਂ ਤੂੰ।
ਐਵੇਂ ਸ਼ੇਰੇ ਪੰਜਾਬ ਨਹੀਂ ਕਿਹਾ ਜਾਂਦਾ,
ਸਚ ਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਤੇਰੇ ਸਾਂਹਵੇਂ ਨਾ ਸੂਰਮਾਂ ਕੋਈ ਹੁੰਦਾ,
ਸਾਰੇ ਝੁਕ ਕੇ ਕਰਨ ਅਦਾਬ ਤੈਂਨੂੰ।
ਭੇਟ ਕਰਨ 'ਸੂਬੇ' ਆਕੇ ਕਈ ਸੂਬੇ,
ਢੋਏ ਢੋਨ ਸੁਲਤਾਨ ਨਵਾਬ ਤੈਂਨੂੰ।
ਕਿਸੇ ਮਾਈ ਦੇ ਲਾਲ ਨੇ ਨਹੀਂ ਕਰਨਾ,
ਜਿਹੜਾ ਆਂਵਦਾ ਸੀ ਹਿਸਾਬ ਤੈਂਨੂੰ।
ਤੇਰੇ ਸੀਸ ਤੇ ਅਕਲ ਨੇ ਤਾਜ ਰਖਿਆ,
ਕਹਿੰਦੀ ਬੀਰਤਾ 'ਸ਼ੇਰੇ-ਪੰਜਾਬ' ਤੈਂਨੂੰ।

ਇਕਵੰਜਾ