ਪੰਨਾ:ਲਕੀਰਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਕਢੀ ਤੇਗ਼ ਮਿਆਨ 'ਚੋਂ ਤਾਂ ਬਿਜਲੀ ਕੜਕੀ
ਉਹਦੇ ਤੇਜੋਂ ਸੂਰਜ ਸਹਿਮਆਂ ਜਿੰਦ ਜੁਸੇ ਰੜਕੀ
ਆਕੇ ਦੁਸ਼ਮਨ ਦਲਾਂ ਚਿ' ਕੋਈ ਜਵਾਲਾ ਭੜਕੀ
ਵੈਰੀ ਦੀ ਉਹ ਵਿੰਹਦਿਆਂ ਹਿਕ ਚੋੜੀ ਧੜਕੀ
ਉਸ ਸਟ ਕੇ ਅਗ ਮੈਦਾਨ ਵਿਚ ਇੰਜ ਸੈਨਾ ਤੜਕੀ
ਜਿਉਂ ਧਰੀ ਹੋਈ ਚੁਲੇ ਅੱਗਦੇ ਕੋਈ ਭਾਜੀ ਗੜਕੀ

ਗੜ ਗੜ ਕਰ ਕੇ ਗਜਿਆ ਸਿੰਘ ਸੂਰਾ ਭਾਰੀ
ਤੜ ਤੜ ਵਾਉਂਦਾ ਤੇਗ ਉਹ ਰਣਬੀਰ ਕਰਾਰੀ
ਕੜ ਕੜ ਕੀਤੇ ਡਕਰੇ ਧਰ ਧਰ ਕੇ ਆਰੀ
ਚੜ ਚੜ ਚੋਟਾਂ ਮਾਰੀਆਂ ਬੀਰੇ ਬਲਕਾਰੀ
ਲੜ ਲੜ ਲੀਤੇ ਸੂਰਮੇਂ ਕਰ ਜ਼ੋਰਾਂ ਵਾਰੀ
ਫੜ ਫੜ ਫਟੜ ਕਰ ਗਿਆ ਸਿੰਘ ਸ਼ਾਮ ਅਟਾਰੀ

ਪਿਆ ਆਖੇ ਵਿਚ ਮੈਦਾਨ ਦੇ ਨ ਜਾਣਾ ਹਟ ਕੇ
ਆਵੋ ਬੀਰ ਬਹਾਦਰੋ ਜੇ ਲੜਨਾ ਡਟ ਕੇ
ਪਾ ਕੇ ਪੈਰ ਅਗੇਰੜੇ ਹਥ ਵੇਖੇ ਜਟ ਕੇ
ਕਰਾਂ ਮੈਂ ਬਕਰੇ ਜਾਣ ਕੇ ਅਜ ਤੁਹਾਡੇ ਝਟਕੇ
ਮੈਂ ਪੁਤਰ ਗੋਬਿੰਦ ਸਿੰਘ ਦਾ ਨਹੀਂ ਦਿਲ ਕੋਈ ਖਟਕੇ
ਮੈਂ ਲਾੜਾ ਮੌਤ ਵਿਹਾਵਨੀ ਪਿਆ ਆਖਾਂ ਰਟਕੇ

ਖੜਾ ਮੈਦਾਨੀ ਸ਼ੇਰ ਉਹ ਕੋਈ ਬਬਰ ਗਜੇ
ਉਸ ਚੰਡੀ ਚਮਕੇ ਬਿਜਲੀ ਹਥ ਸੋਹਣੇ ਸਜੇ

ਪਚਵੰਜਾ