ਇਹ ਵਰਕਾ ਤਸਦੀਕ ਕੀਤਾ ਗਿਆ ਏ
ਵਿੱਛੁੜੀਆਂ ਅੱਖੀਆਂ।
ਅਜਕ ਅਜਕ ਭਾਦੋਂ ਜਿਉਂ ਬਰਸਨ
ਸੁਕ ਸੁਕ ਭਰ ਭਰ ਆਵਨ
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ,
ਤਾਂਘ ਦਰਸ ਦੀ ਵਧਦੀ:
ਭੁੱਖੀਆਂ ਦਰਦ ਰਞਾਣੀਆਂ ਅਖੀਆਂ
ਥੱਲੇ ਲਹਿੰਦੀਆਂ ਜਾਵਨ ॥੪॥
ਤ੍ਰੇਲ ਤੇ ਸੂਰਜ।
ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ;
'ਦਰਸ-ਪਯਾਸ' ਹੁਣ ਰੂਪ ਮਿਰਾ ਹੈ,
ਮੈਂ ਵਿਚ ਹੋਰ ਨ ਬਾਕੀ,
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ॥੫॥
-੧੧-