ਪੰਨਾ:ਲਹਿਰਾਂ ਦੇ ਹਾਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਸਾਰੀ ਕਿ ਮੁਖੀਰ?

ਤੋੜ ਗੁਲਾਬ ਪਸਾਰੀ ਲੜਾਇਆ
ਮਲ ਮਲ ਖੰਡ ਰਲਾਈ,
ਭੀ ਕਉੜੱਤਣ ਰਹੀ ਸਾਦ ਵਿਚ
ਬਣੀ ਨ ਉਹ ਮਠਿਆਈ,
ਮੁੱਖੀ ਬਣ, ਕਣ ਰਸ* ਜੇ ਚੁਣਦਾ,
ਤੋੜ ਨ ਆਬ ਗੁਆਂਦਾ,
ਮਾਲੀ ਨਾਲੋਂ ਨੇਹੁ ਨ ਟੁਟਦਾ,
ਰਸ ਪੀਂਦਾ ਸੁਖਦਾਈ ॥੧੨ ॥

ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ


ਡਾਲੀ ਨਾਲੋਂ ਤੋੜ ਨਾ ਸਾਨੂੰ,
ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇੱਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,
ਉਹ ਭੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨਸ ਜਾਈ ॥੧੩॥



  • ਰਸ ਦੇ ਕਿਣਕੇ ਭਾਵ ਸ਼ਹਿਤ ਦੇ ਨਿੱਕੇ ਤੁਪਕੇ।

ਖੁਸ਼ਬੋ!

- ੧੫ -