ਪੰਨਾ:ਲਹਿਰਾਂ ਦੇ ਹਾਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਚੰਦ ਛੰਭ ਵਿਚ ਡਲ੍ਹਕੇ,

ਡੋਲੇ ਤੇ ਲਹਿਰਾਵੇ ।

ਤਾਰੇ ਵਿੱਚ ਅਕਾਸ਼ਾਂ ਚਿਤਰੇ,

ਲਟਕ ਗਏ ਵਿਚ ਸਰ ਦੇ,

ਨੀਲਾ ਹੇਠ ਅਕਾਸ਼ ਵਿਛਾਕੇ

ਖਿਲਰੇ, ਜਲ ਵਿਚ ਤਰਦੇ।

ਡਲ੍ਹਕ ਆਪਣੀ, ਡੋਲਣ ਜਲ ਦੀ,

ਦੋ ਡਲ੍ਹਕਾਂ ਰਲ ਗਈਆਂ,

ਵਿੱਚ ਡੁੁੰਘਾਣਾਂ ਅਰਸ਼ੀ ਮੌਜਾਂ

ਦੂਣੀਆਂ ਹੋ ਹੋ ਪਈਆਂ।

ਅਜਬ ਸਫਾਈ ਨੀਰ ਤੁਧੇ ਦੀ,

ਜਿਸ ਨੇ ਬੰਨ੍ਹ ਉਤਾਰੀ,

ਸਾਰੀ ਛਬੀ ਅਕਾਸ਼ਾਂ ਵਾਲੀ !

ਅਪਣੇ ਵਿੱਚ ਖਿਲਾਰੀ।

ਗੰਦਲ ਕੁਆਰ ਵਾਂਙ ਇਕ ਲੰਮੀ

ਡੀਲ ਸੁਹਾਵੀ ਵਾਲੀ

ਪਤਲੀ ਤੇ ਕੁਛ ਨਾਜ਼ਕ-ਕੋਮਲ,

ਜਾਪੇ ਭੋਲੀ ਭਾਲੀ,

ਆ ਨਿਕਲੀ ਮੁਟਿਆਰ ਏਸ ਥਾਂ,

ਗਰਮ ਗਰਮ ਸਾਹ ਭਰਦੀ,

ਨਰਮ ਨਰਮ ਧਰ ਪੈਰ ਤੁਰੇਂਦੀ,

ਚਿਹਰੇ ਛਾਈ ਜ਼ਰਦੀ।


- ੪੪ -