ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
"ਫਸੇ ਧੁਨਾਂ ਵਿਚ ਫਿਰਦੇ ਜੀਕੂੰ
ਵਿਚ ਚਿਕਾਬੂ ਮੰਦਰ ।
"'ਹੈਵੇ' ਤੇ ਏ ਜਾਪੇ ਹੈਵੇ';
ਪਰ 'ਕੀ ਹੈ ?' ਨਾ ਜਾਪੇ,
"'ਕਿਉਂ ਹੈ?' ਤੇ ਏ 'ਕੀਕੂੰ ਹੈਵੇ?'
ਇਹ ਗੱਲ ਨਹੀਂ ਸਿਞਾਪੇ ।
"ਮੈਨੂੰ ਕੀ ਏ ਰੋਗ ਲੱਗ ਗਿਆ।
ਕਿਉਂ ਇਹ ਭੇਤ ਖੁਲ੍ਹਾਵਾਂ ?
"ਤੜਫਾਂ ਕਿਵੇਂ ਬੁਝਾਰਤ ਬੁੱਝਾਂਂ-
ਆਪਾ ਕਿਵੇਂ ਤਕਾਵਾਂ ?
"ਦੱਸ 'ਜਿੰਦੇ !' ਤੂੰ ਹੈਂ ਕੀ ਅੜੀਏ!
ਪੰਡ ਵਲਵਲੇ ਵਾਲੀ ?
"ਝਰਨਾਟਾਂ ਹੋ ਜਾਣ ਨ ਝਲੀਆਂ
ਆਪੇ ਛੇੜਨ ਵਾਲੀ ?
"ਹਸਰਤ, ਆਸ, ਨਿਰਾਸਾ ਟੋਏ
ਆਪੇ ਵਿਚ ਉਪਜਾਵੇਂ,
"ਆਪ ਵਿਰਾਗਨ ਹੋਕੇ, ਅੜੀਏ !
ਆਪ ਡੋਬ ਪਈ ਖਾਵੇਂ!
"ਉਠਨ ਉਮੰਗਾਂ ਤੇ ਚਾ, ਉੱਚੇ,
ਖਿੱਚਾਂ ਧੂਹ ਲਿਜਾਵਨ,
"ਕਾਂਬਾ ਛਿੜੇ, ਥ੍ਰਰਾਟਾਂ ਥਰਕਨ,
ਲਹਿਰਾਂ ਕਹਿਰ ਮਚਾਵਨ ।
- ੪੬ -