ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਟੱਕਾ/ਟੱਕੇ: ਰੁਪਏ ਦਾ ਬਤੀਵਾਂ ਭਾਗ (ਸਿੱਕਾ)
ਹਿੰਦ ਚੂੰ ਲੁੱਟ ਘਿਨ ਗਈਆਂ ਸਵਾਣੀਆਂ ਟਕੇ ਟਕੇ ਦੀਆਂ ਵੇਚੀਆਂ।
(ਹਿੰਦ ਵਿਚੋਂ ਲੁੱਟ ਕੇ ਲਗਈਆਂ ਔਰਤਾਂ ਟਕੇ ਟਕੇ ਦੀਆਂ ਵੇਚੀਆਂ)
ਟਕੇ ਵਰਗਾ: ਕੋਰਾ
ਮੈਕੂੰ ਲੋੜ ਥੀ ਪਈ ਹੈ ਤੇ ਤੂੰ ਟਕੇ ਵਰਗਾ ਜਵਾਬ ਡੀਦੈ।
(ਮੈਨੂੰ ਲੋੜ ਹੋਈ ਹੈ ਤੇ ਤੂੰ ਕੋਰਾ ਜਵਾਬ ਦਿੰਦਾ ਹੈਂ)
ਟੱਟਰ: ਕੜਾਹਾ
ਤਡਾਂਹ ਤਾਂ ਸ਼ਾਦੀ ਤੇ ਟੱਟਰ ਭਰ ਕੜਾਹ ਬਣੈਂਦੇ ਸਨ।
(ਉਦੋਂ ਤਾਂ ਸ਼ਾਦੀ ਤੇ ਕੜਾਹਾ ਭਰ ਕੜਾਹ ਬਣਾਂਦੇ ਸਨ)
ਟਪਲਾ: ਭੁਲੇਖਾ
ਗਲ ਤਾਂ ਸਾਫ਼ ਥਈ ਹਾਈ, ਤੈਕੂੰ ਟਪਲਾ ਲਗੈ।
(ਗਲ ਤਾਂ ਸਾਫ਼ ਹੋਈ ਸੀ, ਤੈਨੂੰ ਭੁਲੇਖਾ ਲਗਾ ਹੈ)
ਟੱਪਾ: ਟੱਕ
ਖੂਹ ਪੁੱਟਣ ਵੇਲੇ ਪਹਿਲਾ ਟੱਪਾ ਪੀਰ ਖਵਾਜੇ ਦੇ ਨਾਂ।
(ਖੂਹ ਪੁਟਣ ਵੇਲੇ ਪਹਿਲਾ ਟੱਕ ਪੀਰ ਖਵਾਜੇ ਦੇ ਨਾਂ ਦਾ)
ਟਰਟਰ: ਚਿਰ ਚਿਰ
ਕਿਉਂ ਟਰ ਟਰ ਲਾਈ ਬੈਠੇ ਹੋ, ਉਠੋ ਕੰਮ ਫੜੋ।
(ਕਿਉਂ ਚਿਰ ਚਿਰ ਲਾਈ ਬੈਠੇ ਹੋ, ਉਠੋ ਕੰਮ ਫੜੋ)
ਟਾਹਲਾ ਪਾ: ਟਰਕਾ ਦੇ
ਚੰਦਾ ਘਿਨਣ ਆਏ ਹੋਸਿਨ, ਪਰ੍ਹਾਂ ਟਾਹਲਾ ਪਾ।
(ਚੰਦਾ ਲੈਣ ਆਏ ਹੋਣਗੇ, ਪਰੇ ਟਰਕਾ ਦੇ)
ਟਾਂਕਣਾ: ਸਿਉਣਾ
ਬੇਲੀਆ, ਮੈਂਡਾ ਚੋਲਾ ਵੀ ਟਾਂਕ ਸਟੀਂ।
(ਮਿਤਰਾ, ਮੇਰਾ ਕੁੜਤਾ ਵੀ ਸਿਉਂ ਸਿਟੀ)
ਟਾਂਗਰੀ: ਮਿੱਠੀਆਂ ਪਕੌੜੀਆਂ
ਬਾਬੇ ਦੀ ਹੱਟੀ ਤੂੰ ਟਾਂਗਰੀ ਦਾ ਝੂੰਗਾ ਮਿਲਦੈ।
(ਬਾਬੇ ਦੀ ਹੱਟੀ ਤੋਂ ਮਿੱਠੀਆਂ ਪਕੌੜੀਆਂ ਦਾ ਝੂੰਗਾ ਮਿਲਦੈ)
ਟਾਪ ਸਿਲਾਈ ਵਿਚ ਛੜੱਪਾ
ਮਸ਼ੀਨ ਦੀ ਸੂਈ ਵਟਾ, ਟਾਪ ਡੀਂਦੀ ਪਈ ਹੇ।
(ਮਸ਼ੀਨ ਦੀ ਸੁਈ ਬਦਲ, ਛੜੱਪੇ ਦੇ ਰਹੀ ਹੈ)
ਟਿੱਕਾ ਲਾਣਾ: ਬਦਨਾਮੀ ਕਰਾਉਣੀ
ਮੈਕੂੰ ਕੀ ਪਤਾ ਹਾਈ ਤੁ ਈਹੋ ਟਿੱਕਾ ਲੈਸੇਂ।
(ਮੈਨੂੰ ਕੀ ਪਤਾ ਸੀ, ਤੂੰ ਇਹੀ ਬਦਨਾਮੀ ਕਰਾਏਂਗੀ)
ਟਿੱਕੜੇ: ਮਿੱਠੀਆਂ ਮੱਠੀਆਂ
(ਲੰਮੇ ਰਾਹ ਵੈਂਦਾ ਪਿਐਂ, ਟਿੱਕੜੇ ਘਿਧੀ ਵੰਞ।
(ਲੰਮੀ ਯਾਤਰਾ ਤੇ ਚਲਿਆ ਹੈਂ, ਮਿੱਠੀਆਂ ਮਿੱਠੀਆਂ ਲਈ ਜਾ)

(99)