ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਤਖ਼ਲਸ: ਉਪਨਾਮ
ਕਵੀ ਦਾ ਤਖੱਲਸ 'ਸੋਟਾ' ਹੇ, ਕੇਡਾ ਖਰਵਾ ਹੈ।
(ਕਵੀ ਦਾ ਉਪਨਾਮ 'ਸੋਟਾ, ਹੈ, ਕਿੰਨਾ ਅਕਾਵਿਕ ਹੈ)
ਤਖ਼ਮੀਨਾ: ਖਰਚ ਦਾ ਵੇਰਵਾ
ਡਾਜ ਦਾ ਤਖ਼ਮੀਨਾ ਡਿਠੱਮ, ਕੋਈ ਸ਼ੈਆਂ ਰਾਂਧੀਆਂ ਹਿਨ।
(ਦਾਜ ਖਰਚ ਦਾ ਵੇਰਵਾ ਮੈਂ ਦੇਖਿਐ, ਕਈ ਚੀਜ਼ਾਂ ਰਹਿੰਦੀਆਂ ਨੇ)
ਤੰਗ/ਤੰਗ ਪੈੜਾ:ਘੋੜੇ ਖੋਤੇ/ਬੋਤੇ ਤੇ ਮਾਲ ਕਸਣ ਵਾਲਾ ਪਟਾ/ਤਿਆਰੀ
ਕਾਠੀ ਕੂੰ ਤੰਗ ਨਾਲ ਕਸੇਂ, ਤੰਗ ਪੈੜਾ ਕਸੋ।
(ਕਾਠੀ ਨੂੰ ਪਟੇ ਨਾਲ ਕਸ ਦੇਵੀਂ, ਤਿਆਰੀ ਰੱਖੋ)
ਤੱਗ/ਤਗਣਾ: ਹੰਢਣਾ
ਬੰਦੇ ਦੀ ਦੇਹੀ ਤੱਗ ਸੰਗਦੀ ਹੇ ਜੇ ਤੁਗਣਯੋਗ ਖੁਰਾਕ ਘਿੰਨੇ।
(ਬੰਦੇ ਦਾ ਸਰੀਰ ਹੰਢ ਸਕਦੈ ਜੇ ਹੰਢਣ ਵਾਲੀ ਖੁਰਾਕ ਖਾਵੇ)
ਤੰਗੜ/ਤ੍ਰੰਗੜ: ਜਾਲ/ਤਾਰਾ ਸਮੂੰਹ/ਖਿੱਤੀਆਂ
ਗਡੋਂਹ ਤੇ ਤ੍ਰੰਗੜ ਘਤ ਕੇ ਤੰਗੜ ਚੜ੍ਹੇ ਟੁਰ ਪੋਂਵੇਂ।
(ਗਧੇ ਤੇ ਜਾਲ ਪਾ ਕੇ ਖਿੱਤੀਆਂ ਨਿਕਲਦੇ ਤੁਰ ਪਈ)
ਤੱਛਣਾ: ਛਿਲਣਾ
ਜਿਰਾਹ ਨੇ ਫੋੜੇ ਕੂੰ ਤੱਛਕੇ ਪਾਕ ਕਢੀ। ਦਰਖਾਣ ਨੇ ਮੁੰਢ ਕੂੰ ਤੱਛ ਕੇ ਗੋਲ ਕੀਤਾ।
(ਹਕੀਮ ਨੇ ਫੋੜਾ ਛਿਲ ਕੇ ਪਾਕ ਕਢੀ। ਤਰਖਾਣ ਨੇ ਮੁਢ ਨੂੰ ਛਿੱਲ ਕੇ ਗੋਲ ਕੀਤਾ)
ਤੱਜ/ਤਜਵੀਜ਼: ਛੱਡ/ਰਾਇ
ਸਾਰਿਆਂ ਦੇ ਆਖੇ ਤੱਜ ਡਿੱਤੀਹਿਮ, ਭਾਵੇਂ ਤਜਵੀਜ਼ ਚੰਗੀ ਹਾਈ।
(ਸਾਰਿਆਂ ਦੇ ਕਹੇ ਛੱਡ ਦਿਤੀ ਭਾਵੇਂ ਰਾਇ ਚੰਗੀ ਸੀ)
ਤੱਡ: ਟੱਡ
ਐਡਾ ਮੁੰਹ ਤੱਡ ਘਿਧਈ, ਢੇਰ ਰਕਮ ਘਿਨਸੇਂ।
(ਐਡਾ ਮੂੰਹ ਟੱਡ ਲਿਅਈ, ਢੇਰ ਰਕਮ ਲਵੇਂਗਾ)
ਤਣਨਾ: ਅੜ ਖਲੋਣਾ
ਢਿੱਗ ਹੌਸਲਾ ਹਿੱਸ, ਅਫ਼ਸਰ ਅਗੂੰ ਤਣ ਕੇ ਭੈਸ ਕੀਤੀ ਹੈ।
(ਬੜਾ ਹੌਸਲਾ ਹੈਸ, ਅਫ਼ਸਰ ਅਗੋਂ ਅੜਕੇ ਬਹਿਸ ਕੀਤੀ ਹੈਸ)
ਤਣਾਵਾਂ: ਤਕੜੀ ਦੇ ਪਲੜੇ ਦੀਆਂ ਡੋਰਾਂ
ਪਲੜਾ ਤਾਂ ਡੇਖ ਕਿੰਞ ਡਿੱਗਾ ਥਿਆ ਪਿਐ, ਤਣਾਵਾਂ ਕਸ।
(ਦੇਖ ਪਲੜਾ ਟੇਢਾ ਹੋ ਗਿਆ ਹੈ, ਡੋਰਾਂ ਕਸ ਲੈ)
ਤੱਤਾ/ਤੱਤੀ: ਗਰਮ/ਅਭਾਗੀ
ਤੱਤਾ ਨਾ ਥੀ, ਤੱਤੀ ਤਾਂ ਪਹਿਲੂੰ ਮੌਤ ਪਈ ਮੰਗਦੀ ਹੇ।
(ਗਰਮ ਨਾ ਹੋ, ਅਭਾਗਣ ਤਾਂ ਪਹਿਲਾਂ ਮੌਤ ਮੰਗ ਰਹੀ ਹੈ)
ਤਦਬੀਰ: ਜੁਗਤ
ਉਹ ਕਿਹੜੀ ਤਦਬੀਰ ਕਰੀਂਦੇ, ਸੁਝਿਆ ਕੁਝ ਨਾਨ੍ਹੇ।
(ਉਹ ਕਿਹੜੀ ਜੁਗਤ ਕਰਦੇ, ਕੁਝ ਨਹੀਂ ਸਾਨੇ ਸੁਝਿਆ)
(114)