ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਦਮਦਾਰ ਤਕੜਾ
ਹੇ ਪਹਾਰੂ ਦਮਦਾਰ ਹੇ, ਚਾਰ ਪੈਸੇ ਡੇਸੀ, ਘਿਨ ਘਿਨ।
(ਇਹ ਡੰਗਰ ਤਕੜਾ ਹੈ, ਨਫ਼ਾ ਦੁਆਊ, ਖਰੀਦ ਲੈ)
ਦਰਕਾਰ: ਲੋੜੀਂਦਾ
ਸਵਾਣੀ ਬਿਮਾਰ ਰਾਂਹਦੀ ਹੇ, ਹਿੱਕ ਸੇਵਕਾ ਦਰਕਾਰ ਹੇ।
(ਤ੍ਰੀਮਤ ਬੀਮਾਰ ਰਹਿੰਦੀ ਹੈ, ਇੱਕ ਸੇਵਕਾ ਲੋੜੀਂਦੀ ਹੈ)
ਦਰਕਿਨਾਰ: ਛੱਡ ਕੇ
ਮੈਥੂੰ ਥੀ ਗਈ ਹੇ, ਗੁਸਤਾਖੀ ਦਰਕਿਨਾਰ ਕਰ, ਮਾਫੀ ਡੇਵੋ।
(ਮੈਥੋਂ ਹੋ ਗਈ ਹੈ, ਖੁਨਾਮੀ ਛੱਡ ਕੇ ਮਾਫ਼ੀ ਦਿਉ)
ਦਰਬ/ਦਮ:ਧਨ/ਮਾਇਆ
ਦਰਬ ਤੇ ਦਮਾਂ ਦਾ ਗੁਮਾਨ ਕਿਹਾ, ਹੱਥਾਂ ਦੀ ਮੈਲ ਹੈਨ।
(ਧਨ ਮਾਇਆ ਦਾ ਹੰਕਾਰ ਕਾਹਦਾ, ਹੱਥਾਂ ਦੀ ਮੈਲ ਨੇ)
ਦਰੁਸਤ/ਦਰੁਸਤੀ: ਸਹੀ/ਸਿੱਧੀ/ਸੁਧਾਈ
ਇਹ ਲਿਖਿਤ ਦਰੁਸਤ ਨਹੀਂ ਹੈ, ਦਰੁਸਤੀ ਦਰਕਾਰ ਹੇ।
(ਇਹ ਲਿਖਤ ਸਹੀ ਨਹੀਂ ਹੈ, ਸੁਧਾਈ ਲੋੜੀਂਦੀ ਹੈ)
ਦੱਲਾ/ਭੜਵਾ/ਭੜੂਆ: ਵੇਸਵਾਵਾਂ ਦਾ ਵਿਚੋਲਾ
ਦਲਿਆਂ/ਭੜਵਿਆਂ/ਭੜੂਆਂ ਦਾ ਕੇ ਵਿਸਾਹ, ਆਖਣ ਕੁੱਝ ਨਿਕਲੇ ਕੁੱਝ।
(ਵਿਚੋਲਿਆਂ/ਦੱਲਿਆਂ ਦਾ ਕੀ ਭਰੋਸਾ ਹੈ, ਕਹਿਣ ਕੁਝ, ਹੋਵੇ ਕੁਝ)
ਦੜਾ/ਮੁੱਟਾ: ਅਨਾਜਾਂ ਦਾ ਰਲਾਅ/ਉੱਕਾ ਪੁੱਕਾ
ਅਨਾਜ ਦਾ ਦੜਾ ਢੇਰ ਕੀਤਾ ਪਿਆ, ਸੌਦਾ ਦੜਾ/ਮੁੱਟਾ ਮਾਰ।
(ਰੱਲੇ ਮਿਲੇ ਅਨਾਜਾਂ ਦਾ ਢੇਰ ਕੀਤਾ ਹੈ, ਸੌਦਾ ਉਕਾ ਪੁੱਕਾ ਮੁਕਾ)
ਦਾਖ/ਦ੍ਰਾਖ: ਸੌਗੀ
ਜ਼ਿੰਦਗੀ ਭਰ ਕੰਡੇ ਬੀਜਦਾ ਰਿਹੈਂ, ਹੁਣ ਦਾਖਾਂ/ਦ੍ਰਾਖਾਂ ਕਿੱਥੇ।
(ਉਮਰ ਭਰ ਕੰਡੇ ਬੀਜੇ ਨੀ, ਹੁਣ ਸੌਗੀਆਂ ਕਿਥੇ)
ਦਾਗਣਾ: ਸਾੜ ਦੇ ਠੱਪੇ ਦੀ ਨਿਸ਼ਾਨੀ
ਫ਼ੌਜਾਂ ਵਿੱਚ ਉੱਠਾਂ ਘੋੜਿਆਂ ਕੂੰ ਪਛਾਣ ਪਿਛੁੰ ਦਾਗਦੇ ਨੇ।
(ਫ਼ੌਜ ਵਿਚ ਨਿਸ਼ਾਨੀ ਪਿਛੇ ਉਨੂੰ ਘੋੜਿਆਂ ਤੇ ਸਾੜ ਦੇ ਚਿੰਨ੍ਹ ਉਕਰਦੇ ਨੇ)
ਦਾਨਸ਼ਵਰ/ਦਾਨਸ਼ਮੰਦ/ਦਾਨਾ: ਵਿਦਵਾਨ/ਬੁਧੀਜੀਵੀ
ਲੋਕਾਈ ਕੂੰ ਦਾਨਾਈ, ਦਾਨੇਦਾਨਸ਼ਵਰ/ਦਾਨਸ਼ਮੰਦ ਡੇਵਿਣ।
(ਲੋਕਾਂ ਨੂੰ ਬੁਧ, ਵਿਦਵਾਨ/ਬੁਧੀਜੀਵੀ ਦਿੰਦੇ ਨੇ)
ਦਾਬੜਾ: ਕਪੜੇ ਧੋਣ ਨੂੰ ਫਾੜਾ
ਦਾਬੜਾ ਚਾ, ਛਪੜੀ ਤੇ ਵੰਞ, ਕਪੜੇ ਕੁੱਟ ਘਿਨਾ।
(ਫਾੜਾ ਚੁੱਕ, ਛਪੜੀ ਤੇ ਜਾ, ਕਪੜੇ ਧੋ ਲਿਆ)
ਦਾਮ: ਮੁੱਲ
ਮਾਲ ਖਰਾ ਹੇ, ਪਰਖ ਘਿਨ, ਪੂਰੇ ਦਾਮ ਲਗਸਨੀਆ।
(ਮਾਲ ਖਰਾ ਹੈ, ਪਰਖ ਲੈ, ਪੂਰਾ ਮੁੱਲ ਲਗੂਗਾ)।
(126)