ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਨੱਪ ਫੜ
ਕਿੱਡੇ ਭੱਜੀ ਵੈਂਦੀ ਹੇ, ਡੱਕ। ਗੁੱਟ ਨੱਪ ਤੇ ਛਿਕ ਘਿਨਾ।
(ਕਿਧਰ ਭੱਜੀ ਜਾਂਦੀ ਹੈ, ਰੋਕ ! ਗੁੱਟ ਫੜ ਤੇ ਖਿੱਚ ਲਿਆ)
ਨਫ਼ਸ/ਨਫ਼ਸਾਨੀ: ਕਾਮ/ਕਾਮੀ
ਨਫ਼ਸ ਦਾ ਮਾਰਿਆ, ਨਫ਼ਸਾਨੀ ਕੁਕਰਮ ਕਰੇਸੀ।
(ਕਾਮ ਦਾ ਸਤਾਇਆ, ਕਾਮੀ ਕਰਤੂਤਾਂ ਕਰੂਗਾ)
ਨਫ਼ਰ: ਸੇਵਾਦਾਰ
ਅਫ਼ਸਰ ਥੀ ਗਿਐਂ, ਅਗੂੰ ਕੇਈ ਨਫ਼ਰ ਹੋਸਨੀਆ।
(ਅਫਸਰ ਬਣ ਗਿਐਂ, ਤੇਰੇ ਅਗੇ ਕਈ ਸੇਵਾਦਾਰ ਹੋਣੇ ਹਨ)
ਨਬੀ: (ਇਸਲਾਮ ਵਿਚ) ਰੱਬ ਦਾ ਦੂਤ
ਅੱਜ ਕਲ ਨਬੀ ਰਸੂਲ ਦੀ ਨਸੀਹਤ ਤੇ ਕਡੂੰ ਟੁਰਦੇ ਹਿਨ।
(ਅਜਕਲ ਰੱਬ ਦੇ ਦੂਤ ਦੀ ਸਿਖਿਆ ਤੇ ਕਦੋਂ ਚਲਦੇ ਨੇ)
ਨਮਦਾ: ਚਮੜੀ
ਨਮਦਾ ਖੁਸ਼ਕ ਥਈ ਪਈ ਹੇ, ਤੇਲ ਮਲੇਸ।
(ਚਮੜੀ ਰੁੱਖੀ ਹੋਈ ਪਈ ਹੈ, ਤੇਲ ਦੀ ਮਾਲਸ਼ ਕਰੋ)
ਨਮਿੱਤਣ ਦੇ ਨਾਮ ਕਰਨਾ
ਸਾਰੀ ਮੂੜੀ, ਮਾਲ ਮੱਤਾ, ਪੈਲੀ ਤੈਕੂੰ ਨਮਿਤਣ ਕਰਨਾ।
(ਸਾਰੀ ਪੂੰਜੀ, ਮਾਲ ਮੱਤਾ, ਪੈਲੀ ਤੇਰੇ ਨਾਮ ਕਰਦਾ ਹਾਂ)
ਨਰਦ: ਪਾਸੇ (ਸ਼ਤਰੰਜ ਦੇ ਮੁਹਰੇ)
ਕੀਤਾ ਤਾਂ ਚੰਗੇ ਕੂੰ ਹਮ, ਨਰਦਾਂ ਪੂਣੀਆਂ ਪੈ ਗਈਆਂ।
(ਕੀਤਾ ਤਾਂ ਮੈਂ ਚੰਗੇ ਨੂੰ ਸੀ, ਪਾਸੇ ਪੁੱਠੇ ਪੈ ਗਏ)
ਨਵੇਲਾ/ਨਵੇਲੀ: ਲਾੜਾ/ਲਾੜੀ
ਨਵੇਲੇ, ਨਵੇਲੀਆਂ ਸੈਲਾਂ ਤੇ ਵੈਂਦੇ ਹਿਨ।
(ਲਾੜੇ-ਲਾੜੀਆਂ ਸੈਰਾਂ ਤੇ ਜਾਂਦੇ ਹੁੰਦੇ ਨੇ)
ਨਾਂ ਪਾਉਣਾ: ਖਾਤੇ ਵਿਚ ਲਿਖਣਾ
ਰੋਕ ਨਕਦੀ ਘੱਟ ਗਈ ਹੇ, ਸੌਦਾ ਨਾ ਪਾ ਡੇ।
(ਰੋਕ ਨਕਦੀ ਘਟ ਗਈ ਹੈ, ਸੌਦਾ ਖਾਤੇ ਵਿਚ ਲਿਖ ਦੇ)
ਨਾਸਾਂ: ਨਥਨੇ (ਨੱਕ ਦੀਆਂ ਸਾਹ ਨਾਲੀਆਂ)
ਡੁਹੀ ਨਾਸਾਂ ਬੰਦ ਥਈਆਂ ਪਈਆਂ ਹਿਨ।
(ਦੋਵੇਂ ਨਥਨੇ ਰੁਕੇ ਪਏ ਹਨ)
ਨਾਸੂਰ: ਰਿਸਦਾ ਜ਼ਖ਼ਮ
ਰੋਜ਼ ਮੀਂਹ ਦਾ ਕਲੇਸ਼ ਮੈਕੂੰ ਰੂਹ ਦਾ ਨਾਸੂਰ ਲਗਦੈ।
(ਰੋਜ਼ ਰੋਜ਼ ਦਾ ਕਲੇਸ ਮੇਰੇ ਮਨ ਤੇ ਰਿਸਦਾ ਜ਼ਖਮ ਹੈ)
ਨਾਹਕ/ਨਾਹੱਕ:ਐਂਵੇਂ/ਨਜਾਇਜ਼
ਜੈਂ ਪਾਪ ਕੀਤੈ ਊਕੂੰ ਪੁੱਛੋ, ਮੈਕੂੰ ਨਾਹਕ/ਨਾਹੱਕ ਡਕਦੇ ਹੋ।
(ਜਿਸ ਪਾਪ ਕੀਤੈ ਉਸ ਨੂੰ ਪੁੱਛੋ, ਮੈਨੂੰ ਐਂਵੇਂ ਰੋਕਦੇ ਹੋ)
(132)