ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਬੁਸਰੀਆਂ: ਤਹਿਦਾਰ ਰੋਟੀਆਂ
ਨਾਨਕ ਕਹੇ- ਬੁਸਰੀਆਂ ਪੱਕਾ ਦਿੱਤੀਆਂ ਨੇ।
(ਨਾਨਕ ਕਹਿੰਦੇ ਨੇ-ਰੋਟੀਆਂ ਭਾਵ ਮਜ਼ੇਦਾਰ ਜੀਵਨ ਢੰਗ, ਤਿਆਰ ਹੈ)
ਬੁਹਾਰੀ: ਝਾੜੂ
ਕੂੜ ਕੁਫ਼ਰ ਵੀ, ਬੁੱਸੀਆਂ ਰੀਤਾਂ ਵਾਂਙੂ ਬੁਹਾਰੀ ਨਾਲ ਮੇਲ ਸਟੇਸੂੰ।
(ਕੂੜ ਕੁਫ਼ਰ ਵੀ, ਨਿਕਾਰਾ ਰੀਤਾਂ ਵਾਂਗੂੰ, ਝਾੜੂ ਨਾਲ ਹੂੰਝ ਦੇਵਾਂਗੇ)
ਬੁੱਕਣਾ: ਗਰਜ ਕੇ ਬੋਲਣਾ
ਨਿੱਕੀ ਜਿਹੀ ਗੱਲ ਹੁੰਦੀ ਹੇ ਤੇ ਬੁੱਕਣ ਲੱਗ ਪੂੰਦੈ।
(ਨਿਕੀ ਜਿਹੀ ਗੱਲ ਹੁੰਦੀ ਹੈ ਤੇ ਗਰਜ ਗਰਜ ਕੇ ਬੋਲਣ ਲਗ ਜਾਂਦਾ ਹੈ)
ਬੁੱਚ: ਕੈਂਚੀ ਦੇ ਕਟਾਂਗ
ਅੱਜ ਕਲ ਡੋੜੇ ਤ੍ਰੋਪੇ ਭਰ ਕੇ ਬੁੱਚ ਲੁਕਾ ਡੀਂਦੇ ਹਿਨ।
(ਅਜ ਕਲ ਦੂਹਰੇ ਤੋਪੇ ਲਾ ਕੇ ਕੈਂਚੀ ਦੇ ਕਟਾਂਗ ਲਕੋ ਦਿੰਦੇ ਨੇ)
ਬੁੱਚੀ: ਜ਼ੇਵਰਾਂ ਬਿਨਾਂ
ਦਾਨਸ਼ਵਰ ਸਵਾਣੀਆਂ, ਬੱਚੀਆਂ ਥੀ ਕੇ, ਬੇਚੈਨ ਨਾ ਹੋਵਿਨ।
(ਸਿਆਣੀਆਂ ਔਰਤਾਂ, ਜ਼ੇਵਰ ਰਹਿਤ ਹੋ ਕੇ, ਬੇਚੈਨ ਨਾ ਹੋਣ)
ਬੁਜਾ: ਲਾਹਨਤ ਦਾ ਸੰਕੇਤ
ਭਲੇ ਪੁਰਸ਼ ਕੂੰ ਠੱਗਿਆ ਹੇਈ, ਲੋਕ ਬੁੱਜੇ ਮਰੇਸਿਨ।
(ਭਲੇ ਬੰਦੇ ਨੂੰ ਠੱਗਿਆ ਹਈ, ਲੋਕ-ਲਾਹਨਤਾਂ ਦੇ ਸੰਕੇਤ ਮਿਲਣਗੇ)
ਬੁਡ: ਡੁੱਬ
ਟੋਆ ਢੇਰ ਡੂੰਘੇ, ਵੜਿਊਮ ਤਾਂ ਬੁਡ ਵੈਸਾਂ।
(ਟੋਆਂ ਬੜਾ ਡੂੰਘਾ ਹੈ, ਮੈਂ ਵੜਿਆਂ ਤਾਂ ਡੁੱਬ ਜਾਵਾਂਗਾ)
ਬੁਰ: ਮੂੰਹ ਜ਼ੋਰ
ਗਭਰੂ ਦੀ ਬੁਰ ਵਧੀ ਹੋਈ ਹੇ, ਕਹਿੰਦੀ ਨਾ ਸੁਣਸੀ।
(ਗਭਰੂ ਦੀ ਮੂੰਹ ਜ਼ੋਰੀ ਵਧੀ ਹੋਈ ਹੈ, ਕਿਸੇ ਦੀ ਨਾ ਸੁਣੂ)
ਬੁਲਾਕ: ਨੱਥ
ਬੁਲਾਕ ਵੱਡੀ ਹੇ ਤੇ ਮੁਖੜਾ ਨਿੱਕਾ, ਫਬੀ ਨਹੀਂ।
(ਨੱਥ ਵੱਡੀ ਹੈ ਤੇ ਚਿਹਰਾ ਨਿੱਕਾ, ਜੱਚੀ ਨਹੀਂ)
ਬੂਥਾ: ਸ਼ਕਲ
ਬੈ ਦਾ ਬੂਥਾ ਤਾਂ ਡਿਸ ਪੂੰਦੇ, ਟੋਕਦੇ ਹਾਂ, ਆਪਣਾ ਤਾਂ ਸ਼ੀਸ਼ੇ ਡਸਣੈ।
(ਦੂਜੇ ਦੀ ਸ਼ਕਲ ਦਿਸ ਪਵੇ, ਟੋਕਦੇ ਹਾਂ, ਆਪਣੀਆਂ ਤਾਂ ਸ਼ੀਸ਼ਾ ਵਿਖਾਉਂਦੈ)
ਬੂਦ ਬੇਹੂਦਾ
ਏਡੇ ਵੱਡੇ ਕੱਠ ਵਿਚ ਕੋਈ ਬੂਦਾਂ ਆਣ ਵੜਦੀਆਂ ਹਿਨ।
(ਏਡੇ ਵੱਡੇ ਇਕੱਠ ਵਿਚ ਕਈ ਬੇਹੂਦਾ ਆ ਜਾਂਦੇ ਹਨ)
ਬੂਰਾ ਅਧ ਰਿੜਕਿਆ
ਲਵੇਰੀ ਤਾਂ ਘਰ ਹੇਈ, ਰੋਜ਼ ਬੂਰਾ ਪੀ, ਠੀਕ ਥੀ ਵੈਸੇਂ।
(ਲਵੇਰੀ ਤਾਂ ਘਰੇ ਹੈਗੀ ਹਈ, ਅਧ ਰਿੜਕਿਆ ਪੀ, ਠੀਕ ਹੋ ਜਾਵੇਂਗਾ)

(155)