ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/161

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਭਊ: ਭੂਤ
ਚੁਪ ਕਰ ਵੰਞ, ਉਡੂੰ ਭਊ ਆ ਵੈਸੀ।
(ਚੁਪ ਕਰਾ ਜਾ, ਉਧਰੋਂ ਭੂਤ ਆ ਜਾਊਗਾ)
ਭਸ ਡਿਕਾਰ: ਖੱਟੇ ਡਕਾਰ
ਹਾਜ਼ਮਾਂ ਵਿਗਿੜ ਗਿਆ ਹੇ, ਭਸ-ਡਿਕਾਰ ਆਂਦੇ ਪਾਏ ਹਿਨ।
(ਹਾਜ਼ਮਾਂ ਖਰਾਬ ਹੈ, ਖੱਟੇ ਡਕਾਰ ਆ ਰਹੇ ਨੇ)
ਭਸਮ: ਸੜ ਕੇ ਸੁਆਹ
ਬਲਵਿਆਂ ਦੀਆਂ ਲੱਗੀਆਂ ਭਾਹਾਂ ਸਭੋ ਭਸਮ ਕਰ ਡਿੱਤਾ।
(ਦੰਗਿਆਂ ਵਿਚ ਲਗੀਆਂ ਅਗਾਂ ਸਭ ਸਾੜ-ਸੁਆਹ ਕਰ ਦਿੱਤਾ)
ਭੁੱਖ/ਭੁੱਖਣ: ਕੰਸ/ਤਪਣ
ਸਰੀਰ ਭੁੱਖਣ ਲਗ ਪਿਐ, ਗਰਮ-ਸਰਦ ਥੀ ਗਿਐ।
(ਸਰੀਰ ਕੰਸ ਮੰਨ ਰਿਹੈ, ਗਰਮ-ਸਰਦ ਹੋ ਗਿਆ ਹੈ)
ਭਖਾਵਣਾ/ਭਛਾਵਣਾ: ਬਾਲਣਾ/ਭੜਕਾਉਣਾ
ਭਾਹ ਨਾਮ ਭਖਾਈ ਤੇ ਸੱਸ ਮੈਂਡੇ ਪੈ ਕੂੰ ਭਖਾਵਣ/ਭਛਾਵਣ ਲਗੀ।
(ਅਗ ਨਹੀਂ ਸੀ ਬਾਲੀ ਤੇ ਸੱਸ ਮੇਰੇ ਪਤੀ ਨੂੰ ਭੜਕਾਣ ਲਗ ਪਈ)
ਭੱਛਣਾ: ਭੜਕ ਪੈਣਾ
ਨਿੱਕੀ ਨਿੱਕੀ ਲੂਤੀ ਤੇ ਮੈਂਡਾ ਪੈ ਭਛਣ ਦਾ ਆਦੀ ਹੇ।
(ਨਿੱਕੀ ਨਿੱਕੀ ਝੂਠੀ ਸ਼ਿਕੈਤ ਤੇ ਮੇਰੇ ਪਤੀ ਦੀ ਭੜਕਣ ਦੀ ਆਦਤ ਹੈ)
ਭੰਡ: ਔਰਤ/ਬਦਨਾਮ ਕਰਨਾਂ
ਭੰਡ ਤਾਂ ਖਲਕਤ ਦੀ ਜਣਨੀ ਹੈ, ਇੰਞ ਨਾ ਭੰਡੋ।
(ਔਰਤ ਤਾਂ ਜਨ ਜਨ ਦੀ ਜਨਮਦਾਤੀ ਹੈ, ਇਸ ਤਰ੍ਹਾਂ ਬਦਨਾਮ ਨਾ ਕਰੋ)
ਭੰਡੀ: ਬੇਇਜ਼ਤੀ/ਬਦਨਾਮੀ
ਇੰਞ ਭੰਡੀ ਕਰੇਸੇਂ, ਤੈਕੂੰ ਕੇ ਲਭਸੀ, ਕਮਲਾ ਆਖਸਿਨ।
(ਇਊਂ ਬੇਇਜ਼ਤੀ/ਬਦਨਾਮੀ ਕਰੇਂਗਾ, ਤੈਨੂੰ ਕੀ ਮਿਲੂ, ਕਮਲਾ ਸਦਣਗੇ)
ਭਣੇਵਾਂ: ਭਾਣਜਾ
ਮਾਸੀਆਂ-ਮਾਮੀਆਂ ਭਣੇਵੇਂ ਦੀਆਂ ਡੂਝੀਆਂ ਮਾਵਾਂ ਹੋਵਿਨ।
(ਮਾਸੀਆਂ-ਮਾਮੀਆਂ ਭਾਣਜੇ ਦੀਆਂ ਦੂਜੀਆਂ ਮਾਵਾਂ ਹੋਣ)
ਭੱਤ: ਭਾਤ
ਰੋਟੀਆਂ ਬੇਹੀਆਂ ਥੀ ਗਈਆਂ ਹਿਨ, ਸੱਟ ਨਹੀਂ, ਭੱਤ ਬਣਾ।
(ਰੋਟੀਆਂ ਬੇਹੀਆਂ ਹੋ ਗਈਆਂ ਨੇ, ਸਿਟ ਨਾ, ਭਾਤ ਬਣਾ ਦੇ)
ਭੰਨ ਤੋੜ
ਹੇ ਡੋਲਾ ਬਹੁੰ ਗੰਦਾ ਥੀ ਗਿਆ ਹੈ, ਭੰਨ ਸੱਟ।
(ਇਹ ਕੁੱਜਾ ਬੜਾ ਗੰਦਾ ਹੋ ਗਿਆ ਹੈ, ਤੋੜ ਦੇ)
ਭਰਾਈ: ਭਰਾਵਾਂ ਵਾਲੀ
ਹੇ ਬਾਲੜੀ ਭਾਗਾਂ ਆਲੀ ਹੇ, ਸਤ ਭਰਾਈ ਥੀਸੀ।
(ਇਹ ਬਚੀ ਭਾਗਾਂ ਵਾਲੀ ਹੈ, ਸਤਾਂ ਭਰਾਵਾਂ ਦੀ ਭੈਣ ਹੋਊ)

(157)