ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਭਿੜਨਾ: ਝਗੜਾ ਕਰਨਾ
ਹਰ ਵੇਲੇ ਭਿੜਦੀ ਰਾਂਧੀ ਹੇ, ਕਡਾਹੀਂ ਤਾਂ ਮੋਹ ਨਾਲ ਬੋਲੇ।
(ਹਰ ਵੇਲੇ ਝਗੜਦੀ ਰਹਿੰਦੀ ਹੈ, ਕਦੇ ਤਾਂ ਮੋਹ ਨਾਲ ਬੋਲੇ)
ਭੀਚ: ਬੰਦ ਕਰ
ਸੀ ਨਾ ਕਰ ਹੋਂਠ ਭੀਚ ਚਾ, ਆਪੂੰ ਸ਼ਰਮ ਆਵਸਿਸ।
(ਸੀ ਨਾ ਕਰ, ਹੋਂਟ ਬੰਦ ਕਰ ਲੈ, ਆਪੇ ਸ਼ਰਮ ਆਵੇਗੀਸ)
ਭਿਡਵਾਲ: ਭੇਡਾਂ ਪਾਲਣ ਵਾਲੇ
ਪਹਾਰੂ ਪਾਲਣ ਦੇ ਕੰਮ ਚੂੰ, ਭਿਡਵਾਲੀ ਸਭੋ ਕੋਲੂੰ ਸੌਖੀ ਹੇ।
(ਡੰਗਰ ਪਾਲਣ ਵਿਚੋਂ, ਭੇਡਾਂ ਪਾਲਣ ਦਾ ਕੰਮ ਸਭ ਤੋਂ ਸੌਖਾ ਹੈ)
ਭੁਆ ਕੇ: ਮੋੜ ਕੇ
ਗਾਲ੍ਹੀਂ ਕੂੰ ਭੁਆ ਕੇ ਡੋੜੀਆਂ ਗਾਲ੍ਹੀਂ ਮਿਲਸਿਨ।
(ਗਾਲਾਂ ਨੂੰ ਮੋੜ ਕੇ ਦੁਗਣੀਆਂ ਗਾਲਾਂ ਮਿਲਣਗੀਆਂ)
ਭੂਸ ਆਦਤ
ਅਵਾਰਾ ਫੰਡਰ ਤੂੰ ਹਿਸੇ ਖੁਰਲੀ ਤੇ ਮੂੰਹ ਮਾਰਨ ਦਾ ਭੁੱਸ ਹੇ।
(ਅਵਾਰਾ ਫੰਡਰ ਨੂੰ ਏਸੇ ਖੁਰਲੀ ਤੇ ਮੂੰਹ ਮਾਰਨ ਦੀ ਆਦਤ ਹੈ)
ਭੁਜ: ਮੱਚ
ਮੰਦਾ ਕੀਤੋਸ। ਜੇ ਮਿਹਣਾ ਮਿਲਿਆ ਤਾਂ ਭੁਜ ਗਈ।
(ਮੰਦਾ ਕੀਤਾ ਹੈ। ਜੇ ਮਿਹਣਾ ਮਿਲਿਆ ਤਾਂ ਮੱਚ ਗਈ)
ਭੁਜੰਗ/ਭੁਜੰਗੀ: ਸਰਪ/ਫੁਰਤੀਲਾ ਪੁੱਤਰ
ਸਿੰਘਾਂ ਦੇ ਭੁਜੰਗੀ ਦਲੇਰ ਨੇ, ਭੁਜੰਗਾਂ ਤੂੰ ਕੇ ਡਰਸਿਨ।
(ਸਿੰਘਾਂ ਦੇ ਫੁਰਤੀਲੇ ਪੁੱਤਰ ਬਹਾਦਰ ਹਨ, ਸਰਪਾਂ ਤੋਂ ਕੀ ਡਰਨਗੇ।)
ਭੁੱਬਲ ਕੇਰੀ
ਹੱਜੇ ਜੇ ਭੁੱਬਲ ਤੱਤੀ ਹੇ, ਹਥਾਂ ਨਾਲ ਨਹੀਂ ਫੌੜ੍ਹੀ ਨਾਲ ਮੇਲ।
(ਅਜੇ ਇਹ ਕੇਰੀ ਗਰਮ ਹੈ, ਹੱਥਾਂ ਨਾਲ ਨਹੀਂ ਫਹੁੜੀ ਨਾਲ ਹੂੰਝ)
ਭੁਰਨਾ: ਖੁਰਨਾ
ਪੁਰਾਣੀਆਂ ਕੰਧਾਂ ਹਿਨ, ਹੇਠੂੰ ਭੁਰਨ ਲਗੀਆਂ ਹਿਨ।
(ਪੁਰਾਣੀਆਂ ਕੰਧਾਂ ਨੇ, ਹੇਠੋਂ ਖੁਰਨ ਲਗੀਆਂ ਹਨ)
ਭੁਲ ਵੈਸਿਨ: ਭੁਲ ਜਾਣਗੇ
ਰਕਮਾਂ ਲਿੱਖ ਕੇ ਰੱਖ ਛੋੜ, ਨਹੀਂ ਤਾਂ ਭੁਲ ਵੈਸਿਨ।
(ਰਕਮਾਂ ਲਿਖ ਕੇ ਰੱਖ ਛੱਡ, ਨਹੀਂ ਤਾਂ ਭੁਲ ਜਾਣਗੀਆਂ)
ਭੂੰ/ਭੂਸਾ: ਤੂੜੀ
ਕੋਠਾ ਭੂੰ/ਭੂਸੇ ਦਾ ਭਰ ਰਖਿਅਮ, ਸਿਆਲ ਲੰਘ ਵੈਸੀ।
(ਕੋਠਾ ਤੂੜੀ ਦਾ ਮੈਂ ਭਰ ਛੱਡਿਆ ਹੈ, ਸਿਆਲ ਲੰਘ ਜਾਉ)
ਭੂਕਾਂ: ਗੰਢਿਆਂ ਦੇ ਪੱਤੇ
ਭੂਕਾਂ ਸਣੇ ਹਰੇ ਗੰਢੇ ਹਿਨ, ਚਟਣੀ ਦੇ ਕੰਮ ਆਸਿਨ।
(ਪੱਤਿਆਂ ਸਮੇਤ ਹਰੇ ਗੰਢੇ ਨੇ, ਚਟਣੀ ਦੇ ਕੰਮ ਆਣਗੇ)

(160)