ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਭੂਤਨਾ/ਭੂਤਨੀ: ਡਰਾਉਣੀਆਂ ਸੂਰਤਾਂ
ਧਾਂਦੇ ਧੂੰਦੇ ਹਿਨ ਕਾਈ ਨਾ, ਭੂਤਨੇ ਬਣੇ ਰਾਂਧੇਨ।
(ਨਹਾਂਦੇ ਨਹੂੰਦੇ ਹੈਨ ਨਹੀਂ, ਡਰਾਉਣੀਆਂ ਸੂਰਤਾਂ ਬਣੇ ਰਹਿੰਦੇ ਨੇ)
ਭੂਮੀਆਂ: ਧਰਤੀ ਦਾ ਵਾਸੀ (ਸੱਪ)/ਜ਼ਿੰਮੀਦਾਰ
ਭੂਮੀਆਂ ਸਾਰੀਆਂ ਤੂੰ ਕੰਮ ਘਿਨਦੈ ਜਿਹੜੇ ਭੂਮੀਆਂ ਦੀਆਂ ਸਿਰੀਆਂ ਨੱਪਣ।
(ਜ਼ਿੰਮੀਦਾਰ ਸੀਰੀਆਂ ਤੋਂ ਕੰਮ ਲੈਂਦੈ ਜੋ ਸਪਾਂ ਦੇ ਸਿਰ ਮਿਧਣ)
ਭੂਰ: ਫੁਹਾਰ-ਦੇਖੋ ਫੂਰ
ਭੇਖ: ਪਖੰਡੀ ਵੇਸ:
ਸਾਧਾਂ ਸੰਤਾਂ ਦੇ ਭੇਖ ਕਰਕੇ ਬਹੂੰ ਪਾਪ ਪਏ ਕਰੀਂਦੇਨ।
(ਸਾਧਾਂ ਸੰਤਾਂ ਦੇ ਪਖੰਡੀ ਵੇਸ ਕਰਕੇ ਬੜੇ ਪਾਪ ਕਰ ਰਹੇ ਨੇ)
ਭੇਟਾ ਚੜ੍ਹਾਵਾ
ਸ਼ਰਧਾਲੂਆਂ ਦੀਆਂ ਭੇਟਾਵਾਂ ਕਿਤੇ ਇੰਞੇ ਪੱਚਦੀਆਂ ਨੇ।
(ਸ਼ਰਧਾਲੂਆਂ ਦੇ ਚੜ੍ਹਾਵੇ ਕਿਤੇ ਐਵੇਂ ਪਚ ਜਾਂਦੇ ਨੇ)
ਭੋਛਣੀ: ਚੁੰਨੀ
ਕੇਹੀ ਹਨੇਰੀ ਚਲੀ ਹੇ, ਭੋਛਣੀਆਂ ਲਾਂਹਦੀਆਂ ਤੇ ਬੇਪੱਤ ਹੋਵਨ ਪਈਆਂ।
(ਕੈਸੀ ਹਨੇਰੀ ਚਲੀ ਹੈ, ਚੁੰਨੀਆਂ ਲਹਿੰਦੀਆਂ ਤੇ ਬੇਪਤ ਹੋ ਰਹੀਆਂ ਹਨ)
ਭੋਜ/ਭਵਜਲ: ਸੰਸਾਰੀ ਜੀਵਨ ਦਾ ਸਾਗਰ
ਧਰਮੀ ਬੰਦੇ ਭੋਜਨ/ਭਵਜਲ ਤੂੰ ਪਾਰ ਥੀਵਣ ਦੇ ਆਹਰ ਵਿਚ ਹਿਨ।
(ਧਰਮੀ ਬੰਦੇ ਸੰਸਾਰੀ ਜੀਵਨ ਸਾਗਰੋਂ ਪਾਰ ਹੋਣ ਦੇ ਯਤਨ ਵਿਚ ਹਨ)
ਭੋਥਾ: ਚਾਦਰਾ
ਸਰਕਾਰੂੰ ਅੰਨ ਮਿਲੇ ਜਾਂ ਤੇਲ, ਭੋਥੇ 'ਚ ਪਵਾ ਘਿਨੂੰ।
(ਸਰਕਾਰੋਂ ਅੰਨ ਮਿਲੇ ਜਾਂ ਤੇਲ, ਚਾਦਰੇ ਵਿਚ ਪਵਾ ਲਈਏ)
ਭੋਰ: ਚੂਰਾ
ਰੋਟੀਆਂ ਭੋਰ ਭੋਰ ਕੇ ਅੰਮਾਂ ਚਿੜੀਆਂ ਕੂੰ ਘੱਤੇ।
(ਰੋਟੀਆਂ ਚੂਰਾ ਕਰਕੇ ਬੇਬੇ ਚਿੜੀਆਂ ਨੂੰ ਪਾਵੇ)
ਭੋਲ ਭੰਨੇ: ਭੋਲੇ ਭਾ
ਨਿੱਕੇ ਨਿਆਣੇ ਭੋਲ ਭੰਨੇ ਸਾਰੀ ਗਲ ਕਢ ਡੀਂਦੇ ਹਿਨ।
(ਨਿਕੇ ਨਿਆਣੇ ਭੋਲੇ ਭਾਅ ਹੀ ਸਾਰਾ ਭੇਦ ਕਢ ਦੇਵਣ)
ਭੌ:ਚਕਰ-ਦੇਖੋ "ਭਉਂ"
ਭੌਂ ਕੇ: ਮੁੜਕੇ
ਹਿੱਕ ਵਾਰੀ ਜਗੋਂ ਗਿਆ, ਭੌਂ ਕੇ ਨਹੀਂ ਵੱਲਿਆ।
(ਇੱਕ ਵਾਰੀ ਸੰਸਾਰੋਂ ਗਿਆ, ਮੁੜ ਕੇ ਵਾਪਸ ਨਹੀਂ ਆਇਆ)
(ਮ)
ਮਊ: ਹੇ ਮਾਂ
ਮਊ, ਡਸੀ ਵੰਞ, ਮੈਕੁੰ ਛੋੜ ਕਿੱਡੇ ਜੁਲੀ ਹੇ।
(ਹੇ ਮਾਂ, ਦਸਦੀ ਜਾ, ਮੈਨੂੰ ਛੱਡ ਕਿਥੇ ਚਲੀ ਹੈਂ)
(161)