ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਮੰਡ ਮੰਡ ਕੇ: ਦਬਾ ਦਬਾ ਕੇ
ਮੰਡ ਮੰਡ ਕੇ ਪੰਡ ਨਹੀਂ ਬੰਨ੍ਹੀਂਦਾ, ਖਿਲਰ ਵੈਂਦੀ ਹੇ।
(ਦਬਾ ਦਬਾ ਕੇ ਪੰਡ ਨਹੀਂ ਬੰਨ੍ਹਦਾ, ਖਿਲਰ ਜਾਂਦੀ ਹੈ)
ਮੰਡਾ: ਰੋਟੀ
ਗਜਾ ਕਰਨ ਵੈਂਦੈ, ਮੰਡੈ, ਡੁੱਧ-ਲਸੀ ਘਿਨ ਆਂਦੈ।
(ਘਰਾਂ ਵਿਚੋਂ ਭੋਜਨ ਲੈਣ ਜਾਂਦਾ ਹੈ, ਰੋਟੀਆਂ, ਦੁਧ-ਲਸੀ ਲੈ ਆਉਂਦਾ ਹੈ)
ਮਣ: ਖੂਹ ਦੀ ਠੱਲ/ਚਾਲੀ ਸੇਰ ਭਾਰ
ਮਣ ਭਾਰ ਹਾਈ, ਪਾਣੀ ਪੀਣ ਕੂੰ ਖੂਹ ਦੀ ਮਣ ਤੇ ਟਿਕਾ ਡਿਤਾ।
(ਚਾਲੀ ਸੇਰ ਭਾਰ ਸੀ, ਪਾਣੀ ਪੀਣ ਨੂੰ ਖੂਹ ਦੀ ਠੱਲ ਤੇ ਰੱਖ ਦਿਤਾ)
ਮਣਸਾਵਣਾ: ਪੁਰਖਿਆਂ ਪ੍ਰਤੀ ਦਾਨ ਕਰਨਾ
ਗਤੀ ਕਰਾਵਣ ਤੂੰ ਬਾਹਮਣੇ ਗਾਂ ਮਣਸਾਵਣੀ ਪਈ।
(ਗਤੀ ਕਰਾਉਣ ਲਈ ਪੰਡਤ ਨੂੰ ਗਊ ਦਾਨ ਕਰਨੀ ਪਈ)
ਮਤਬਲ: ਮਤਲਬ
ਮੈਕੂੰ ਤੈਂਡੀ ਹਿਸ ਖੇਡ ਦਾ ਮਤਬਲ ਸਮਝ ਕੋਨੀ ਪਿਆ।
(ਮੈਨੂੰ ਤੇਰੀ ਇਸ ਚਾਲ ਦਾ ਮਤਲਬ ਸਮਝ ਕੋਈ ਨਹੀਂ ਪਿਆ)
ਮਤਮੀਨ/ਮੁਤਮੀਨ: ਸੰਤੁਸ਼ਟ
ਪਿੰਡ ਦੇ ਪਾਹਰੇ ਦੇ ਇੰਤਜ਼ਾਮ ਕੂੰ ਮਤਮੀਨ/ਮੁਤਮੀਨ ਥੀਂਦੇ ਵੰਞਾਏ।
(ਪਿੰਡ ਦੇ ਪਹਿਰੇ ਦੇ ਪ੍ਰਬੰਧ ਤੋਂ ਸੰਤੁਸ਼ਟ ਹੁੰਦੇ ਜਾਈਏ)
ਮਤਾਂ: ਸਮਝੌਣੀਆਂ/ਕਿਤੇ
ਬਿਨ੍ਹਾਂ ਕੂੰ ਮਤਾਂ ਡੀਂਦੀ ਰਾਂਹਦੀ ਹੇ, ਮਤਾਂ ਆਪੂੰ ਖਤਾ ਨਾ ਖਾਵੇਂ।
(ਹੋਰਾਂ ਨੂੰ ਸਮਝੌਣੀਆਂ ਦਿੰਦੀ ਰਹਿੰਦੀ ਹੈ, ਕਿਤੇ ਆਪ ਧੋਖਾ ਨਾ ਖਾ ਲਈਂ)
ਮਤਾਬ/ਮਹਿਤਾਬ: ਚੰਦਰਮਾ
ਜਡੂੰ ਮਤਾਬ/ਮਹਿਤਾਬ ਪੂਰਾ ਚਮਕਦੈ, ਉਕੂੰ ਪੁੰਨ੍ਹਿਆਂ ਆਧੇ ਹਿਨ।
(ਜਦੋਂ ਚੰਦਰਮਾ ਪੂਰਾ ਚਮਕਦਾ ਹੈ, ਉਸ ਨੂੰ ਪੁੰਨਿਆਂ ਆਖਦੇ ਨੇ)
ਮੁਤਾਲਬਾ: ਮੰਗ
ਜਵਾਨੀ ਦੇ ਮਤਾਲਬੇ ਨੇਕ ਨੀਤ ਵਾਲੇ ਹੋਵਿਨ।
(ਜੁਆਨੀ ਦੀਆਂ ਮੰਗਾਂ ਨੇਕ ਇਰਾਦੇ ਦੀਆਂ ਹੋਣ)
ਮਦ/ ਮਦਰਾ: ਨਸ਼ਾ/ਸ਼ਰਾਬ
ਮਦ ਖਾਧਿਆਂ ਮਤ ਵੰਞੇ, ਮਦਰਾ ਪੀਤੇ ਹੋਸ਼।
(ਨਸ਼ਾ ਖਾਣ ਨਾਲ ਮੱਤ ਮਾਰੀ ਜਾਵੇ ਤੇ ਸ਼ਰਾਬ ਪੀਤੇ ਤੋਂ ਹੋਸ਼)
ਮਦਰਸਾ: ਪਾਠਸ਼ਾਲਾ
ਮਦਰਸੇ ਕੀ ਰੌਣਕ ਬਾਲ-ਪੁਣੇ ਦੇ ਭੋਲੇਪਨ ਦਾ ਜਲੌ ਹੋਵੇ।
(ਪਾਠਸ਼ਾਲਾ ਦੀ ਰੌਣਕ, ਬਚਪਨ ਦੇ ਭੋਲੇਪਨ ਦੀ ਝਲਕ ਹੋਵੇ)
ਮਦਾਹ/ਮਤਾਹ:ਪ੍ਰਸੰਸਕ
ਸੰਤਾਂ ਦੇ ਹਿੱਕੇ ਬਖਾਨ ਨਾਲ ਸਾਰਾ ਪਿੰਡ ਮਦਾਹ/ਮਤਾਹ ਥੀ ਗਿਆ।
(ਸੰਤਾਂ ਦੇ ਇਕੋ ਵਿਖਿਆਨ ਨਾਲ ਸਾਰਾ ਪਿੰਡ ਪ੍ਰਸੰਸਕ ਹੋ ਗਿਆ)

(167)