ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਮਦੀਨ: ਨਾਰੀਤਵ
ਸਭੋ ਖ਼ਲਕਤ ਦੀ ਆਮਦ ਮਦੀਨ ਧੁਰੋਂ ਹੀ ਥਈ ਹੇ।
(ਸਾਰੇ ਜੀਆਂ ਦਾ ਆਗਮਨ ਨਾਰੀਤਵ ਤੋਂ ਹੀ ਹੋਇਆ ਹੈ)
ਮੱਧ ਵਿਚਕਾਰ
ਸਫ਼ਰ ਦੇ ਮੱਧ ਵਿਚ ਹੀ ਟਰੱਕ ਥਲੂੰ ਲੇਲਾ ਮੱਧਿਆ ਗਿਆ।
(ਸਫ਼ਰ ਦੇ ਵਿਚਕਾਰ ਹੀ ਟਰੱਕ ਥਲੇ ਲੇਲਾ ਮਿੱਧਿਆ ਗਿਆ)
ਮਨ: ਰੋਟ
ਹਾੜੀ ਮਨ ਪਕੈਸੂੰ ਤੇ ਸਾਵਣੇ ਭੋਰ ਭੋਰ ਖਾਸੂੰ।
(ਹਾੜ ਵਿਚ ਰੋਟ ਪਕਾਵਾਂਗੇ, ਸਾਉਣ ਵਿਚ ਭੋਰ ਭੋਰ ਖਾਵਾਂਗੇ)
ਮਰਤਬਾ/ਮਰਾਤਬਾ: ਪਦਵੀ
ਮਾਰ ਹੰਕਾਰ ਤਾਂ ਭਾਈ ਮਰਤਬਾ/ਮਰਾਤਬਾ ਪਾਸੇਂ।
(ਹੰਕਾਰ ਨੂੰ ਮਾਰ ਲੈ ਤਾਂ ਕੋਈ ਪਦਵੀ ਪਾ ਲਵੇਂਗਾ)
ਮਰਦੂਦ ਲੁੱਚੜ
ਉਸ ਮਰਦੂਦ ਦੀ ਹੁਣ ਕਾਈ ਗਲ ਨਾ ਕਰ।
(ਉਸ ਲੁੱਚੜ ਦੀ ਹੁਣ ਕੋਈ ਗਲ ਨਾ ਛੇੜ)
ਮਲ: ਮਾਲਸ਼ ਕਰ
ਪੇਰਾਂ ਦੀਆਂ ਤਲੀਆਂ ਮਲ ਡੇਖੋ, ਲਹੂ ਟੁਰ ਪੋਵੇ।
(ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਕਰ ਵੇਖੋ, ਖੂਨ ਚਲ ਪਵੇ)
ਮਲਾਵਣਾ: ਮਾਲਸ਼ ਕਰਾਉਣੀ
ਢਿਢ ਮਲਾਇਆ ਤਾਂ ਹਾਈ, ਹਵਾ ਨਹੀਂ ਸਰੀ, ਪੀੜ ਨਹੀਂ ਗਈ।
(ਪੇਟ ਦੀ ਮਾਲਸ਼ ਤਾਂ ਕਰਾਈ ਸੀ, ਹਵਾ ਨਹੀਂ ਨਿਕਲੀ, ਦਰਦ ਨਹੀਂ ਹਟਿਆ)
ਮਲਕੀਅਤ: ਮਾਲਕੀ
ਗਿਰਵੀ ਰਖਣੂੰ ਪਹਿਲੂ ਇਹ ਡਸੋ ਮਲਕੀਅਤ ਕੈਂਦੇ ਨਾਂ ਹਿਵੇ।
(ਗਹਿਣੇ ਰਖਣ ਤੋਂ ਪਹਿਲਾਂ ਦਸੋ ਮਾਲਕੀ ਕੀਹਦੇ ਨਾਂ ਹੈ)
ਮਲ੍ਹਣਾ: ਘੋਟਣਾ
ਸ਼ਰਦਾਈ ਘੁਟੀਂਦੇ ਹੱਥ ਮਲਣਾ ਹਾਈ, ਉਸੇ ਦਾ ਵਾਰ ਕਰ ਡਿਤੋਮ।
(ਠੰਡਾਈ ਘੋਟਦੇ ਹਥ ਘੋਟਣਾ ਸੀ, ਮੈਂ ਉਸੇ ਦਾ ਵਾਰ ਕਰ ਦਿਤਾ ਸੀ)
ਮਲਕ: ਊਠਾਂ ਵਾਲੇ
ਮਲਕਾਂ ਦੇ ਘਰ ਵੰਞ, ਉਥੂੰ ਊਠਣੀ ਦਾ ਦੁਧ ਮਿਲ ਵੈਸੀ।
(ਊਠਾਂ ਵਾਲਿਆਂ ਦੇ ਘਰ ਜਾ, ਉਥੋਂ ਬੋਤੀ ਦਾ ਦੁਧ ਮਿਲੂ)
ਮੁਜ਼ਮਤ/ਮਲਾਮਤ: ਨਿੰਦਿਆ/ਨਿਖੇਧੀ
ਮੰਦੇ ਕੰਮਾਂ ਦੀ ਮੁਜ਼ਮਤ/ਮਲਾਮਤ ਕਰਨੀ ਪੂੰਦੀ ਹੇ।
(ਮਾੜੇ ਕੰਮ ਦੀ ਨਿਖੇਧੀ ਤੇ ਨਿੰਦਿਆ ਕਰਨੀ ਪੈਂਦੀ ਹੈ)
ਮਲੂਕ: ਨਾਜ਼ਕ
ਨਵ ਜਨਮੇ ਦੀ ਚਮੜੀ ਮਲੂਕ ਹੇ, ਪੁਰਾਣੇ ਕੂਲੇ ਕਪੜੇ 'ਚ ਵਲ੍ਹੇਟ।
(ਨਵਜੰਮੇ ਦੀ ਚਮੜੀ ਨਾਜ਼ਕ ਹੁੰਦੀ ਹੈ, ਨਰਮ ਪੁਰਾਣੇ ਕੱਪੜੇ ਵਿਚ ਲਪੇਟ)

(168)