ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਮਾਂਦ: ਕਮਜ਼ੋਰ
ਹਨੇਰੀ ਕਤਰਾ ਮਾਂਦ ਪੈ ਗਈ ਹੇ, ਜੁਲੋ ਟੁਰੂੰ।
(ਹਨੇਰੀ ਜ਼ਰਾ ਕਮਜ਼ੋਰ ਹੋ ਗਈ ਹੈ, ਚਲੋ ਤੁਰੀਏ)
ਮਾਫ਼ਕ: ਢੁਕਵੀਂ
ਬਿਆ ਕੁਝ ਨਾਂਹ ਮੰਗਨਾਂ, ਛੁਹਰ ਮਾਫ਼ਕ ਕਾਈ ਕੰਮ ਡੇ।
(ਹੋਰ ਕੁਝ ਨਹੀਂ ਮੰਗਦਾ, ਮੁੰਡੇ ਨੂੰ ਕੋਈ ਢੁਕਵਾਂ ਕੰਮ ਦੇ)
ਮਾਰ: ਢੋ ਕੇ
ਬੂਹੇ ਮਾਰ ਕਲੇ ਪੈ ਰੂੰਦੇ, ਭੁੱਖ ਡਾਢੇ ਯਾਰੀਆਂ ਦੇ।
(ਬੂਹੇ ਢੋ ਕੇ ਇਕਲੇ ਪਏ ਰੋਂਦੇ, ਦੁੱਖ ਵੰਡੇ ਯਾਰੀਆਂ ਦੇ)
ਮਾਰ ਸਟੇਸਿਨ/ਮਾਰ ਘਤੇਸਿਨ: ਮਾਰ ਸੁਟਣਗੇ
ਨਾਜ਼ਨੈਨਾਂ ਦੇ ਨੈਣਾਂ ਦੇ ਵਾਰ ਮਾਰ ਸਟੇਸਿਨ/ਮਾਰ ਘਤੇਸਿਨ।
(ਨਖ਼ਰੇਲੋਆਂ ਦੇ ਨੈਣਾਂ ਦੇ ਵਾਰ ਮਾਰ ਸੁਟਣਗੇ)
ਮਾਰਫ਼ਤ ਦੇ ਰਾਹੀਂ
ਕਬੂਤਰਾਂ ਦੀ ਮਾਰਫ਼ਤ ਇਸ਼ਕ ਦੇ ਪੈਗਾਮ ਪੁਚੈਸੂੰ।
(ਕਬੂਤਰਾਂ ਦੇ ਰਾਹੀਂ ਪਿਆਰ ਸੁਨੇਹੇ ਪੁਚਾਵਾਂਗੇ)
ਮਾਰ ਵੱਗ ਗਈ: ਬੁਰਾ ਵੇਲਾ ਆਇਆ ਹੈ।
ਜ਼ਮਾਨੇ ਕੂੰ ਕਾਈ ਮਾਰ ਵੱਗ ਗਈ ਹੇ, ਹਰ ਕੋਈ ਛੱਵੀਆਂ ਚਾਈ ਵੱਦੈ।
(ਜ਼ਮਾਨੇ ਦੇ ਬੁਰੇ ਦਿਨ ਆਏ ਨੇ, ਹਰੇਕ ਛਵੀ ਚੁਕੀ ਫਿਰਦੈ)
ਮਾਲਕਾਨਾ: ਮਾਲਕੀ ਦੇ
ਕਾਈ ਮਾਲਕਾਨਾ ਸਬੂਤ ਡਿਖਾ ਤੇ ਮਾਲ ਚਾ ਘਿਨ।
(ਕੋਈ ਮਾਲਕੀ ਦੇ ਸਬੂਤ ਵਿਖਾ ਤੇ ਮਾਲ ਚੁੱਕ ਲੈ)
ਮਾਲਖਾਨਾ: ਸਰਕਾਰੀ ਗੁਦਾਮ
ਜ਼ਬਤ ਕੀਤਾ ਮਾਲ, ਮਾਲਖਾਨੇ ਵੈਸੀ, ਅਦਾਲਤ ਵਲੈਸੀ।
(ਜ਼ਬਤ ਕੀਤਾ ਮਾਲ, ਸਰਕਾਰੀ ਗੁਦਾਮ ਜਾਊ, ਅਦਾਲਤ ਮੋੜੂ)
ਮਾਲਤੀ: ਰਾਤ/ਚਾਨ੍ਹਣੀ/ਇਕ ਵੇਲ
ਮਾਲਤੀ ਦੀ ਮਾਲਤੀ ਵਿਚ ਮਾਲਤੀ ਪਈ ਖਿਲਦੀ ਹੇ।
(ਰਾਤ ਦੀ ਚਾਨਣੀ ਵਿਚ ਮਾਲਤੀ ਵੇਲ ਖਿੜ ਰਹੀ ਹੈ)
ਮਾਲੂੰਮ/ਮਾਲੂੰਮੀਅਤ: ਜਾਣਕਾਰੀ
ਅਦਾਲਤ ਕੂੰ ਮਾਲੂੰਮ ਥੀਵੇ ਕਿ ਮਾਮਲੇ ਦੀ ਮਾਲੂੰਮੀਅਤ ਘਟ ਹੇ।
(ਅਦਾਲਤ ਨੂੰ ਦੱਸਦੇ ਹਾਂ ਕਿ ਮਾਮਲੇ ਦੀ ਜਾਣਕਾਰੀ ਘਟ ਹੈ)
ਮਾੜ: ਮਾੜਾ/ਬੁਰਾਈ
ਮੈਕੂੰ ਹੇ ਸਮਝਾਵੋ ਕਿ ਸੱਚ ਡਸਣ ਵਿਚ ਕੇ ਮਾੜ ਹੇ।
(ਮੈਨੂੰ ਇਹ ਸਮਝਾਉ ਕਿ ਸੱਚ ਦਸਣ ਵਿਚ ਕੀ ਬੁਰਾਈ ਹੈ)
ਮਿਉਂਣਾ: ਸਮਾਉਣਾ
ਚੜ੍ਹੀ ਜਵਾਨੀ ਆਖ਼ਰਾਂ ਦੀ, ਕੁੜਤੀ ਵਿਚ ਨਾ ਮਿਉਂਵੇਂ ਜੁੱਸਾ।
(ਚੜ੍ਹੀ ਜਵਾਨੀ ਜ਼ੋਰਾਂ ਦੀ, ਕੁੜਤੀ ਵਿਚ ਨਾ ਸਮਾਵੇ ਜੁੱਸਾ)
(170)