ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਮੁਹਲਤ: ਛੋਟ
ਡੂ ਡਿਹਾੜੇ ਜਿੰਦ ਦੀ ਮੁਹਲਤ ਹੇ ਜੋ ਹੁਣ ਪੁੰਨੀ ਹੋਈ ਹੇ।
(ਜਿੰਦੜੀ ਦੀ ਛੋਟ ਦੋ ਦਿਨ ਹੈ ਜੋ ਹੁਣ ਪੁਗੀ ਪਈ ਹੈ)
ਮੁੱਕਾ: ਘਸੁੰਨ
ਹਿੱਕ ਮੁੱਕਾ ਨਾ ਝਲਸੇ, ਸਿਰ ਭਵਾਂ ਡੇਸੀ
(ਇੱਕ ਘਸੁੰਨ ਨਹੀਂ ਝਲ ਪਾਵੇਂਗਾ, ਸਿਰ ਘੁੰਮਣ ਲਗ ਜਾਊ)
ਮੁਕਾਲਾ: ਲਾਹਨਤ
ਦੁਸ਼ਮਣਾ ਕੂੰ ਭੇਤ ਵੰਞ ਡਿਤਾ, ਮੁਕਾਲਾ ਮਲੀ ਬੈਠੈ।
(ਦੁਸ਼ਮਣਾ ਨੂੰ ਭੇਤ ਜਾ ਦਿਤਾ ਹੈਸ, ਲਾਹਨਤ ਖੱਟੀ ਬੈਠੈ)
ਮੁੱਕੀ: ਮੁੱਠਾਂ ਨਾਲ ਗੁੰਨਣਾ
ਜਾਨ ਕਾਈ ਨਿਵ੍ਹੀ, ਮੁੱਕੀ ਡੇ ਕੇ ਕਤਰਾ ਆਟੇ ਕੂੰ ਰਸਾਅ।
(ਜਾਨ ਕੋਈ ਨਹੀਂ ਹਈ, ਮੁੱਠਾਂ ਨਾਲ ਗੁੰਨ ਕੇ ਜ਼ਰਾ ਆਟਾ ਰਸਦਾਰ ਕਰ)
ਮੁੱਚ: ਸਚੀਂ
ਸਚ ਮੁੱਚ ਤੂ ਗਿਆ ਹਾਏਂ, ਇਤਬਾਰ ਨਹੀਂ ਆਂਦਾ।
(ਸਚੀਂ ਸਹੀਂ ਤੂੰ ਗਿਆ ਸੀ, ਇਤਬਾਰ ਨਹੀਂ ਆਉਂਦਾ)
ਮੁਚੱਲਕਾ: ਕਰਾਰਨਾਮਾ/ਮੁਕਰਨ ਤੇ ਜੁਰਮਾਨਾ/ਹਰਜਾਨਾ
ਮੰਨਜ਼ੂਰ ਹੋਵੇ ਤਾਂ ਮੁਚੱਲਕਾ ਭਰ ਡੇਵੋ, ਮੁਚੱਲਕਾ ਡੂ ਹਜ਼ਾਰ ਥੀਸੀ।
(ਮੰਨਜ਼ੂਰ ਹੈ ਤਾਂ ਕਰਾਰਨਾਮਾ ਕਰ ਦਿਉ, ਹਰਜਾਨਾ ਦੋ ਹਜ਼ਾਰ ਹੋਊ)
ਮੁੱਛਣਾ: ਟੂਸੇ ਤੋੜਨੇ/ਲਾਪਰਨਾ
ਬਕਰੀਆਂ ਦੇ ਮੁੱਛੇ ਛੋਲੇ ਢੇਰ ਫੁਟਸਿਨ।
(ਬਕਰੀਆਂ ਦੇ ਲਾਪਰੇ ਛੋਲੇ ਬਹੁਤ ਫੁਟਣਗੇ)
ਮੁੱਛਲ: ਭਾਰੀਆਂ ਮੁੱਛਾਂ ਵਾਲਾ
ਡਾਕੂਆਂ ਚੂੰ ਹਿੱਕ ਜਾਣਾ ਭਾਰਾ ਮੁੱਛਲ ਹਾਈ।
(ਲੁਟੇਰਿਆਂ ਵਿਚੋਂ ਇਕ ਬੰਦਾ ਭਾਰੀ ਮੁੱਛਾਂ ਵਾਲਾ ਸੀ)
ਮੁੰਜ/ਮੁੰਞ: ਸਣ
ਪੀਊ ਪੁਤਰ ਰਲ ਕੇ ਕੰਮ ਕਰੀਂਦੇ, ਡੇਖ ਮੁੰਜ/ਮੁੰਞ ਵਟੀਂਦੇ।
(ਪਿਉ,ਪੁਤਰ ਰਲ ਕੇ ਕੰਮ ਕਰਦੇ ਨੇ, ਵੇਖ ਸਣ ਪਏ ਵਟਣ)
ਮੁਜਰਾ: ਨਾਚ ਗਾਣਾ
ਸ਼ਾਹ ਨੇ ਧੀ ਦੇ ਕਾਜ ਤੇ ਮੁਜਰਾ ਕਿਵੇਂ ਰੱਖ ਡਿੱਤੈ।
(ਸੇਠ ਨੇ ਧੀ ਦੇ ਵਿਆਹ ਤੇ ਨਾਚ ਗਾਣਾ ਕਿਵੇਂ ਰੱਖ ਲਿਆ ਹੈ)
ਮੁਜ਼ੋਰ: ਇਸਲਾਮੀ ਪੁਜਾਰੀ
ਪਾਕ ਦਾਮਨ ਲੋਕਾਂ ਵਿਚ ਮਜੋਰ ਭੜਕਾਹਟ ਪੈਂਦੇ ਪਏ ਨੇ।
(ਸਚੇ ਸੁਚੇ ਲੋਕਾਂ ਵਿਚ ਇਸਲਾਮੀ ਪੁਜਾਰੀ, ਭੜਕਾਹਟ ਪਾ ਰਹੇ ਹਨ)
ਮੁਜ਼ੰਮਤ: ਨਿਖੇਧੀ
ਸਾਰੇ ਲਾਣੇ ਨੇ ਛੁਹਰ ਦੀ ਕਰਤੂਤ ਦੀ ਮੁਜ਼ੰਮਤ ਕੀਤੀ ਹੇ।
(ਸਾਰੇ ਲਾਣੇ ਨੇ ਮੁੰਡੇ ਦੀ ਕਰਤੂਤ ਦੀ ਨਿਖੇਧੀ ਕੀਤੀ ਹੈ)

(174)