ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਲੱਕਾ: ਤਕੜੀ ਦਾ ਫ਼ਰਕ/ਡੰਡੀ ਦਾ ਟੇਢ
ਡੇਖ ਡੇਖ, ਤ੍ਰੱਕੜੀ ਤ੍ਰੇਡੀ ਹੇ, ਲੱਕਾ ਹਿਸ, ਹਿੱਕੋ ਜਿਹੀ ਕਰ।
(ਵੇਖ ਵੇਖ, ਤਕੜੀ ਟੇਢੀ ਹੈ, ਡੰਡੀ ਸਿੱਧੀ ਨਹੀਂ, ਇਕੋ ਜਿਹੀ ਕਰ)
ਲੱਖਣ: ਨਿਸ਼ਾਨੀਆਂ/ਅੰਦਾਜ਼ਾ
ਮਰਜ਼ ਦੇ ਲੱਖਣ ਤਾਂ ਡਿਸ ਪਏ ਹਿਨ, ਕੈਂਹ ਬਏ ਨੁਸਖੇ ਦਾ ਲੱਖਣ ਲਾ
(ਰੋਗ ਦੀਆਂ ਨਿਸ਼ਾਨੀਆਂ ਦਿਸ ਪਈਆਂ ਨੇ, ਕਿਸੇ ਹੋਰ ਨੁਸਖੇ ਦਾ ਅੰਦਾਜ਼ਾ ਕਰ)
ਲੰਙ: ਲੰਗ
ਊਞੰ ਤਾਂ ਚਾਲ ਢਾਲ ਠੀਕ ਹੇ, ਕਤਰਾਂ ਲੰਙ ਮਰੀਂਦੈ।
(ਊਂ ਤਾਂ ਚਾਲ ਢਾਲ ਠੀਕ ਹੈ, ਜ਼ਰਾ ਕੁ ਲੰਗ ਮਾਰਦੈ)
ਲੰਗਾਰ: ਲੀਰਾਂ
ਗਲ ਆਲਾ ਚੋਲਾ ਲੰਗਾਰ ਥਿਆ ਪਿਐ, ਹੁਣ ਤਾਂ ਲਹਾ ਚਾ।
(ਗਲ ਵਾਲਾ ਕੁੜਤਾ ਲੀਰਾਂ ਹੋਇਆ ਪਿਆ ਹੈ, ਹੁਣ ਤਾਂ ਲਾਹ ਦੇ)
ਲੰਘਣ: ਵਰਤ
ਭੱਤ ਪਿਛੂੰ ਲੰਘਣ ਕਾਹਦਾ, ਨਿਰਾ ਪਖੰਡ ਹੇ।
(ਭਾਤ ਖਾ ਲੈਣ ਪਿਛੋਂ ਵਰਤ ਰਖਣਾ ਨਿਰਾ ਪਖੰਡ ਹੋਵੇ)
ਲੰਘਾ/ਲਾਂਘਾ: ਟਪਾ/ਰਸਤਾ
ਈਹੋ ਲਾਂਘਾ ਡਾਢਾ ਭੈੜਾ ਹੇ, ਡਰ ਆਂਦੈ, ਮੈਕੂੰ ਲੰਘਾ ਆ।
(ਇਹੀ ਰਾਸਤਾ ਬੜਾ ਖਤਰਕਾਨ ਹੈ, ਡਰ ਲਗਦੈ, ਮੈਨੂੰ ਟਪਾ ਆ)
ਲਚਕੇ: ਠੁਮਕੇ
ਠਿਗਣੀ ਜਿਹੀ ਨਚਾਰ ਹੇ, ਡੇਖ ਕਿਵੇਂ ਲਚਕੇ ਖਾਂਦੀ ਹੇ।
(ਠਿਗਣੀ ਜਿਹੀ ਹੈ ਨਚਾਰ, ਵੇਖ ਕਿਵੇਂ ਠੁਮਕੇ ਮਾਰਦੀ ਹੈ)
ਲੱਛ ਉਠਣੀ: ਝੱਲ ਉਠਣੀ
ਜਿਹੜਲੇ ਲੱਛ ਉਠਦੀ ਹਿਸ, ਭੌਂਕਦੇ ਤੇ ਭੱਜ ਖਲੂੰਦੈ।
(ਜਦੋਂ ਕੁ ਝੱਲ ਉਠਦੀ ਹੈਸ, ਭੌਂਕਦਾ ਹੈ ਤੇ ਭੱਜ ਉਠਦੈ)
ਲੱਟ ਬੌਰਾ: ਮਸਤ
ਨਾਂਗ ਬੀਨ ਦੀ ਲੈ ਤੇ ਲੱਟ ਬੌਰਾ ਨਹੀਂ ਥੀਂਦਾ, ਡਰਦਾ ਅਗੂੰ ਅਗੂੰ ਟੱਪਦੈ।
(ਸੱਪ ਬੀਨ ਦੇ ਰਾਗ ਤੇ ਮਸਤ ਨਹੀਂ ਹੁੰਦਾ, ਡਰਦਾ ਅਗੋਂ ਅਗੋਂ ਨਚਦਾ ਲਗਦੇ)
ਲਟੌਰ: ਲੁੱਟਰ
ਲਟੌਰ ਜਵਾਨ ਭਰਤੀ ਚਾ ਕਰਾਓ, ਨਾਲੇ ਕੰਮ ਲਗਣ ਨਾਲੇ ਸੇਵਾ।
(ਲੁੱਟਰ ਜੁਆਨ ਭਰਤੀ ਕਰਾ ਦਿਉ, ਕੰਮ ਲਗਣ ਨਾਲੇ ਸੇਵਾ)
ਲੱਠ: ਧੁਰੀ
ਚਰਖੇ ਦੀ ਲੱਠ ਘਸੀ ਪਈ ਹੇ, ਕਹੇਂਲੇ ਤਰੁੱਟ ਪੋਸੀ।
(ਚਰਖੇ ਦੀ ਧੁਰੀ ਘਸ ਚੁਕੀ ਹੈ, ਕਿਸੇ ਵੇਲੇ ਟੁਟ ਜਾਊ)
ਲੰਡੇ: ਮਹਾਜਨੀ ਲਿਖਾਈ/ਲਗਾਂ ਮਾਤਰਾਂ ਬਿਨਾਂ
ਚਿੱਠੀ ਲੰਡਿਆਂ ਵਿਚ ਲਿਖੀ ਹੋਈ ਹੇ, ਮਹਾਜਨ ਹੀ ਪੜ੍ਹਸੀ।
(ਚਿਠੀ ਮਹਾਜਨੀ-ਬਿਨਾਂ ਲਗਾਂ ਮਾਤਰਾਂ ਦੇ ਲਿਖੀ ਹੋਈ ਹੈ ਮਹਾਜਨ ਹੀ ਪੜ੍ਹੇ)
(185)