ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼

ਇੱਕ ਨਿਵੇਕਲੀ ਪਹਿਲ


ਪੰਜਾਬੀ ਬੋਲੀ ਇਕ ਜੀਵਨ ਰਹਿਤਲ ਨਾਲ ਜੁੜੀ ਭਾਸ਼ਾ ਹੈ ਜਿਸ ਦੇ ਕਈ ਖੇਤਰੀ ਸਰੂਪ ਹਨ। ਭਾਵੇਂ ਪੂਰਬੀ ਪੰਜਾਬ ਵਿਚ ਕੇਂਦਰੀ ਠੇਠ ਪੰਜਾਬੀ ਨੇ ਸਾਹਿਤਿਕ ਖੇਤਰ ਵਿਚ ਪ੍ਰਵਾਨਗੀ ਤੇ ਪ੍ਰਬੀਨਤਾ ਪਾ ਲਈ ਹੈ ਫਿਰ ਵੀ ਇਲਾਕਾਈ ਰੰਗ-ਮਲਵਈ, ਮਝੈਲ, ਦੁਆਬੀਆ, ਪੁਆਧ ਆਦਿ ਆਪਣਾ ਵਿਲੱਖਣ ਸੁਰ ਕਾਇਮ ਰਖੀ ਆ ਰਹੀਆਂ ਹਨ। ਲਾਗਲੇ ਖੇਤਰਾਂ ਹਿਮਾਚਲ, ਹਰਿਆਣਾ, ਦਿਲੀ ਅਤੇ ਕਸ਼ਮੀਰ ਵਿਚ ਵੀ ਇਸ ਉਪਰ ਉਨ੍ਹਾਂ ਇਲਾਕਿਆਂ ਦੀ ਭਾਸ਼ਾ ਦੇ ਪ੍ਰਭਾਵ ਸਦਕਾ ਪੰਜਾਬੀ ਨੇ ਬਹੁਰੰਗੀ ਸੁਰ ਪਾ ਲਈ ਹੋਈ ਹੈ ਪਰ ਲਿਪੀ ਗੁਰਮੁਖੀ ਹੀ ਪ੍ਰਚਲਤ ਹੈ।
ਪਛਮੀ ਪੰਜਾਬ ਪਾਕਿਸਤਾਨ ਵਿਚ ਲਿਪੀ ਦੇ ਤੌਰ ਤੇ ਸ਼ਾਹਮੁਖੀ ਵਿਚ ਵੀ ਪੰਜਾਬੀ ਭਾਸ਼ਾ ਆਪਣੀ ਹੋਂਦ ਪ੍ਰਫੁਲਤ ਕਰਨ ਦੇ ਦੌਰ ਕਾਇਮ ਰਖ ਰਹੀ ਹੈ। ਇਸ ਪਾਸੇ ਵੀ ਖੇਤਰੀ ਪ੍ਰਭਾਵ ਪੰਜਾਬੀ ਦੀ ਵਖਰੀ ਸੁਰ ਸਦੀਆਂ ਤੋਂ ਉਸਾਰਦੇ ਆ ਰਹੇ ਹਨ। ਫਾਰਸੀ, ਉਰਦੂ ਅਤੇ ਬਲੋਚੀ ਖੇਤਰਾਂ ਦੇ ਪ੍ਰਭਾਵ ਹੇਠ ਲਹਿੰਦੀ ਪੰਜਾਬੀ ਸਾਡੇ ਪੰਜਾਬੀ ਸਾਹਿਤ ਵਿਚ ਆਪਣੀ ਹਾਜ਼ਰੀ ਲੁਆਂਦੀ ਰਹੀ ਹੈ।
ਪੂਰਬੀ ਪੰਜਾਬ ਵਿਚ ਆ ਵਸੇ ਲਹਿੰਦੇ ਪੰਜਾਬ ਦੇ ਵਿਸਥਾਪਿਤ ਤਬਕੇ ਲਹਿੰਦੀ ਪੰਜਾਬੀ ਦੇ ਸਰੂਪ ਨੂੰ ਸਜੀਵ ਰਖਣ ਲਈ ਯਤਨਸ਼ੀਲ ਹਨ। ਇਸ ਸੰਦਰਭ ਵਿਚ ਹਥਲਾ ਸ਼ਬਦ-ਕੋਸ਼ ਤਿਆਰ ਕਰਨ ਦੀ ਪਹਿਲ ਉਤਸ਼ਾਹ ਜਨਕ ਹੈ। ਇਹ ਕਾਰਜ ਕੋਟਕਪੂਰੇ ਦੀ ਪ੍ਰਤਿਸ਼ਠ ਅਰੋੜਬੰਸ ਸਭਾ (ਰਜਿ:) ਦਾ ਪ੍ਰਸੰਸਨੀ ਉਪਰਾਲਾ ਹੈ। ਇਸ ਤਿਆਰੀ ਵਿਚ ਹਰਨਾਮ 'ਹਰਲਾਜ ਅਤੇ ਸਮੂਹ ਸਭਾ ਦੇ ਮੈਂਬਰਾਂ ਨੂੰ ਵਧਾਈਆਂ।

-ਕਰਨੈਲ ਸਿੰਘ ਮੱਕੜ

ਚੇਅਰਮੈਨ, ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਮੋ: 98767-16119

30-6-2019

(15)