ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਲਿਉੜ: ਖਲੇਪੜ
ਲੇਪੇ ਦੇ ਲਿਉਣ ਹੁਣੇ ਲਾਹਵਣ ਲਗ ਪਏ ਹਿਨ।
(ਲਿਪਾਈ ਦੇ ਖਲੇਪੜ ਹੁਣੇ ਲਹਿਣ ਲਗੇ ਨੇ)
ਲਿੱਸਾ: ਬੇ ਸੁਆਦ/ਕਮਜ਼ੋਰ
ਲਿੱਸਾ ਖਾਵਣ ਮਿਲਦਾ ਰਿਹਸ, ਲਿੱਸਾ ਥੀ ਗਿਐ।
(ਬੇਸੁਆਦ ਭੋਜਨ ਮਿਲਦਾ ਰਿਹਾ ਹੈ, ਕਮਜ਼ੋਰ ਹੋ ਗਿਆ ਹੈ)
ਲਿਖਤਮ/ਲਿਖਤੁਮ: ਲਿਖਣ ਵਾਲਾ
ਚਿੱਠੀ ਹੇਠੂੰ ਲਿਖਿਆ ਹਿਸ, ਲਿਖਤਮ/ਲਿਖਤੁਮ 'ਬਿਕਲਮ ਖੁਦ'।
(ਚਿੱਠੀ ਹੇਠਾਂ ਲਿਖਿਆ ਹੈ, ਲਿਖਣ ਵਾਲਾ ਮੈਂ ਆਪ ਹਾਂ)
ਲਿੱਡ: ਲਿੱਦ
ਨੌਕਰੀ ਕਰੇਸਾਂ ਰਾਜੇ ਦੀ, ਭਾਵੇ ਲਿੱਡ ਮੇਲਣੀ ਪੋਵੇ।
(ਨੌਕਰੀ ਕਰੂੰਗਾ ਰਾਜੇ ਦੀ, ਬੇਸ਼ਕ ਲਿੱਦ ਹੂੰਝਣੀ ਪਵੇ)
ਲਿੰਬਣਾ: ਪੋਚਣਾ
ਫੱਟੀਆਂ ਲਿੰਬਣ ਗਏ ਹਾਸੇ, ਧੁੱਪ ਤੇ ਰੱਖ ਆਏ ਹਾਂ।
(ਫਟੀਆਂ ਪੋਚਣ ਗਏ ਸੀ, ਧੁੱਪੇ ਰੱਖ ਆਏ ਹਾਂ)
ਲਿੰਮ/ਲਿੰਮਲ: ਸੀਂਢ/ਸੀਂਢਲ
ਲਿੰਮਿਲ ਤੂੰ ਲਿੰਮ ਤਾਂ ਪੁੰਝੀਦੀ ਨਹੀਂ, ਮੈਡੀ ਰੀਸ ਕਰੇਸੀ।
(ਸੀਢਲ ਕੋਲੋਂ ਸੀਂਢ ਤਾਂ ਪੂੰਝਿਆ ਨਹੀਂ ਜਾਂਦਾ, ਮੇਰੀ ਰੀਸ ਕਰੂ)
ਲਿਲੂੰਹ: ਲਵੇ ਬੇਰ
ਲਿਲੂੰਹ ਖਾ ਖਾ ਕੇ ਢੇਰ ਗਲ ਪਕਾਈ ਵੱਦੈ।
(ਲਵੇ ਲਵੇ ਬੇਰ ਖਾ ਖਾ ਕੇ ਬੜਾ ਗਲਾ ਪਕਾਈ ਫਿਰਦੈ)
ਲੁੱਕ/ਲੁਕਾਅ/ਲੁੱਕੀ: ਉਹਲਾ/ਛੁੱਪੀ
ਹੁਣ ਤਾਂ ਲੁੱਕ/ਲੁਕਾਅ ਹੇ ਕਾਈ ਗਲ ਦਾ, ਬਦਨੀਤੀ ਲੁੱਕੀ ਨਹੀਂ।
(ਹੁਣ ਤਾ ਕਿਸੇ ਗੱਲ ਦਾ ਉਹਲਾ ਨਹੀਂ, ਮਾੜੀ ਨੀਤ ਛੁਪੀ ਨਹੀਂ ਰਹੀ)
ਲੁਕਾਰ: ਉਨ ਦਾ ਖੇਸ
ਘਰੇ ਤੁੰਬੀ ਕਤੀ ਉਨ ਦੀ ਲੁਕਾਰ ਜੁਲਾਹੇ ਬਣਾ ਡਿਤੀ ਹੇ।
(ਘਰੇ ਤੁੰਬੀ ਕਤੀ ਉਨ ਦਾ ਖੇਸ ਜੁਲਾਹੇ ਬੁਣ ਦਿੱਤੈ)
ਲੁੱਗ: ਉਜਾੜ
ਡਾਢਾ ਬੇਲੀ ਹੇਂ, ਮੈਕੂੰ ਲੁੱਗ ਵਿਚ ਛੋੜ ਕੇ ਭਜ ਆਇਉਂ।
(ਚੰਗਾ ਯਾਰ ਹੈਂ, ਮੈਨੂੰ ਉਜਾੜ ਵਿਚ ਛੱਡ ਕੇ ਭੱਜ ਆਇਉਂ)
ਲੁੰਙ/ਲੁੰਗ: ਜੰਡ ਦੇ ਪੱਤੇ
ਫੋੜੇ ਦਾ ਮੂੰਹ ਬਣਦਾ ਪਿਆ ਹੇ, ਲੁਙ/ਲੁੰਗ ਦੀ ਪੁਲਟਸ ਬੰਨ੍ਹ, ਵਿਸ ਵੈਸੀ।
(ਫੋੜੇ ਦਾ ਮੂੰਹ ਬਣ ਰਿਹਾ ਹੈ, ਜੰਡ ਦੇ ਪੱਤਿਆਂ ਦੀ ਲੁਪਰੀ ਬੰਨ੍ਹ, ਫਿਸ ਜੂ)
ਲੁੰਙੀ/ਲੁੰਗੀ: ਛੋਟੀ ਚਦਰ
ਨਿਕੜਾ ਸੰਭਲ ਜੁਲਿਆਈ, ਲੁੰਙੀ/ਲੁੰਗੀ ਬੰਨਣ ਲਗੈ।
(ਨਿਕੜਾ ਸੰਭਲ ਗਿਆ ਹਈ, ਹੁਣ ਤਾਂ ਚਦਰੀ ਬੰਨਦੈ)