ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਲੂ/ਲੂੰ: ਤਤੀ ਵਾ/ਰੂਈ ਦੇ ਰੇਸ਼ੇ
ਲੂ ਚਲਦੀ ਤੇ ਕਰੂੰਬਲਾਂ ਸੜ ਲੈਂਦੀਆਂ ਪੇਂਜੇ ਤੇ ਗਿਆ, ਲੂਆਂ ਲਗ ਗਈਆਂ।
(ਤਤੀ ਵਾ ਚਲਦੀ, ਕਰੂੰਬਲਾਂ ਮਚ ਜਾਂਦੀਆਂ/ਪੇਂਜੇ ਤੇ ਗਿਆ,ਰੂਈ ਰੇਸ਼ੇ ਲਗ ਗਏ)
ਲੂਕਣ: ਨਕੈਣ/ਨੱਕ ਦੀ ਵਾਜ ਵਿਚ ਬੋਲਦੀ
ਲੂਕਣ ਹੈ, ਨਾਲੇ ਤ੍ਰਿਖਾ ਤ੍ਰਿਖਾ ਬੋਲਦੀ ਹੇ, ਸਮਝ ਨਹੀਂ ਪੂੰਦੀ।
(ਨਕੈਣ ਹੈ ਤੇ ਕਾਹਲੀ ਕਾਹਲੀ ਬੋਲਦੀ ਹੈ, ਸਮਝ ਨਹੀਂ ਪੈਂਦੀ)
ਲੂਣਕ ਨਮਕੀਨ ਬੂਟੀ
ਡਾਲ ਵਿਚ ਕਤਰਾ ਲੂਣ ਪਾਵੇਂ ਤਾਂ ਸਵਾਦ ਡੇਖ।
(ਦਾਲ ਵਿਚ ਜ਼ਰਾ ਨਮਕੀਨ ਬੂਟੀ ਪਾ ਤੇ ਸੁਆਦ ਵੇਖ)
ਲੂਤ: ਅਣਚਾਹਿਆ ਬਾਲ
ਮੋਇਆਂ ਦੀਆਂ ਲੂਤਾਂ ਪੱਲੇ ਪੈ ਗਈਆਂ ਹਿਨ।
(ਮਰਨਿਆਂ ਦੇ ਵਾਧੂ ਦੇ ਬੱਚੇ ਮੇਰੇ ਜੁੰਮੇ ਪੈ ਗਏ ਨੇ)
ਲੂਤੀ: ਚੁਗਲੀ
ਤੈਂਡਾ ਬੇਲੀ ਲੂਤੀਆਂ ਲਾਵਣ ਵਿਚ ਬੜਾ ਸ਼ਾਤਰ ਹੇ।
(ਤੇਰਾ ਯਾਰ, ਚੁਗਲੀਆਂ ਕਰਨ ਵਿਚ ਬੜਾ ਹੁਸ਼ਿਆਰ ਹੈ)
ਲੂਰ ਲੂਰ ਕਰਨਾ: ਤਰਲੇ ਲੈਣਾ
ਲੋੜਵੰਦ ਲੂਰ ਲੂਰ ਕਰਦੇ ਫਿਰਦੇ ਹਿਨ, ਕੋਈ ਮਦਤ ਕਰੇਨੇ।
(ਲੋੜਵੰਦ ਤਰਲੇ ਲੈਂਦੇ ਫਿਰਦੇ ਨੇ, ਕੋਈ ਮਦਦ ਕਰ ਦਿਉ)
ਲੂਲ੍ਹਾ: ਅਪਾਹਜ
ਲੂਲ੍ਹਾ ਤਾਂ ਨਹੀਂ ਥਿਆ ਬੈਠਾ ਜੋ ਰੋਟੀ ਨਹੀਂ ਪਾ ਸੰਗਦਾ।
(ਅਪਾਹਜ ਤਾਂ ਨਹੀਂ ਹੋਇਆ ਬੈਠਾ ਜੋ ਰੋਟੀ ਨਹੀਂ ਪਾ ਸਕਦਾ)
ਲੇਸ: ਚਿਪਕਣ ਯੋਗਤਾ
ਲੇਵੀ ਵਿੱਚ ਲੇਸ ਘਟ ਹੇ, ਕਤੇਰਾ ਬਿਆ ਪਕਾ।
(ਮਾਵੇ ਵਿਚ ਚਿਪਕਣ ਯੋਗਤਾ ਘਟ ਹੈ, ਜ਼ਰਾ ਹੋਰ ਪਕਾ)
ਲੇਹਣਾ: ਚੁੰਘ ਜਾਣਾ
ਵੱਛਾ ਖੁਲ੍ਹਾ ਨਾ ਰਹਿ ਵੰਞੇ, ਸਾਰਾ ਡੁੱਧ ਲੇਹ ਵੈਸੀ।
(ਵੱਛਾ ਖੁਲ੍ਹਾ ਨਾ ਰਹਿ ਜਾਵੇ, ਸਾਰਾ ਦੁੱਧ ਚੁੰਘ ਜਾਊ)
ਲੇਡੇ: ਊਠਾਂ ਦੀ ਵਿਸ਼ਾਠਾ
ਉਠਾਂ ਦੀ ਹੇੜ ਲਗੀ ਵੈਸੀ, ਲੇਡੇ ਚੁਣ/ਘਿਨਾਵੇਂ, ਧੂੰ ਕਰੇਸੂੰ।
(ਉਠਾਂ ਦੀ ਹੇੜ ਚਲੀ ਜਾਊ, ਵਿਸ਼ਠਾ ਚੁਗ ਲਿਆਈਂ, ਧੂੰਆਂ ਕਰਾਂਗੇ)
ਲੇਪਾ: ਪੋਚਾ
ਬਚੜਾ, ਲੇਪਾ ਕਤਰਾ ਸਫਾਈ ਨਾਲ ਡਿੱਤਾ ਕਰ।
(ਬਚੂ, ਪੋਚਾ ਜ਼ਰਾ ਸਫ਼ਾਈ ਨਾਲ ਮਾਰਿਆ ਕਰ)
ਲੇਬੇ: ਧੱਬੇ
ਕਲਮ ਵੱਤ ਚਾ ਘੜ, ਲੇਬੇ ਡੀਂਦੀ ਪਈ ਹੇ।
(ਕਲਮ ਦੁਬਾਰਾ ਘੜ ਲੈ, ਧਬੇ ਪਾਈ ਜਾਂਦੀ ਹੈ)

(190)