ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਵਹਿਲਾ ਥੀ: ਛੇਤੀ ਕਰ
ਮੀਂਹ ਚੜ੍ਹ ਆਏ, ਵਹਿਲਾ ਥੀ, ਸਮਾਨ ਬੰਨ੍ਹ, ਧੁੱਪ ਥੀ ਵੈਸੀ।
(ਦਿਨ ਚੜ੍ਹ ਗਿਐ, ਛੇਤੀ ਕਰ, ਸਮਾਨ ਬੰਨ੍ਹ, ਧੁੱਪ ਹੋ ਜੂ)
ਵਹਿਬਤ: ਭੈੜੀ ਆਦਤ
ਵਿਗੜੈਲ ਦੀਆਂ ਵਹਿਬਤਾਂ ਘਰ ਵੰਞਾ ਸਟੈ।
(ਵਿਗੜੇ ਦੀਆਂ ਭੈੜੀਆਂ ਆਦਤਾਂ ਘਰ ਗਾਲ ਦਿਤਾ ਹੈ)
ਵਖ਼ਤ: ਮੁਸੀਬਤ
ਕਿਹੜੇ ਵਖਤਾਂ ਵਿਚੂੰ ਲੰਘ ਕੇ ਆਏ ਹਾਂ, ਪਤਾ ਈ।
(ਕਿਹੜੀਆਂ ਮੁਸੀਬਤਾਂ ਝਾਗੀਆਂ ਨੇ, ਪਤਾ ਹਈ)
ਵਗ: ਤੇਜ਼ ਚਲ
ਕਤਰਾ ਵਗ ਤਾਂ ਸਹੀ, ਨੱਪ ਘਿਨਸੂੰ।
(ਜ਼ਰਾ ਤੇਜ਼ ਤਾਂ ਚਲੇਂ, ਫੜ ਲਵਾਂਗੇ)
ਵਛੈਤੀ: ਓਪਰਾ ਬੰਦਾ
ਆਪੇ ਮੁਕਾ ਘਿਨੂੰ, ਵਛੈਤੀ ਨਾ ਸੱਡ, ਮਸ਼ਕਰੀਆਂ ਕਰੇਸੀ।
(ਆਪ ਨਿਬੜੇ ਲਊਂ, ਓਪਰਾ ਬੰਦਾ ਨਾਂ ਸਦ, ਮਖ਼ੌਲ ਕਰੂਗਾ)
ਵੱਛਲ: ਵਸਲ/ਮਿਲਾਪ
ਮਹਾਤਮਾ ਲੋਕ ਤਰੁੜੇਂਦੇ ਨਹੀਂ, ਵੱਛਲ ਕਰੇਂਦੇਨ।
(ਮਹਾਤਮਾ ਪੁਰਸ਼ ਤੋੜਦੇ ਨਹੀਂ, ਵਸਲ/ਮਿਲਾਪ ਕਰਦੇ ਨੇ)
ਵਜ੍ਹਾ: ਕਾਰਨ
ਭਿਰਾ ਤੇ ਹੱਥ ਜੋ ਚਾਇਆ ਹੇਈ, ਵਜ੍ਹਾ ਤਾਂ ਡਸ।
(ਭਰਾ ਤੇ ਹੱਥ ਜੋ ਉਠਾਇਆ ਹੈ, ਕਾਰਨ ਤਾਂ ਦਸ)
ਵਜੂਦ: ਹੋਂਦ
ਕੌਣ ਡਸੇਸੀ, ਇਹ ਕਾਇਨਾਤ ਕਡਣ ਵਜੂਦ ਵਿਚ ਆਈ।
(ਕੌਣ ਦਸੂ, ਬ੍ਰਹਮੰਡ ਕਦੋਂ ਹੋਂਦ ਵਿਚ ਆਇਆ)
ਵੰਞ: ਜਾ
ਤੂ ਕਲਾ ਲਗਾ ਵੰਞੇ ਤਾਂ ਵੀ ਕੁਝ ਨਾ ਆਖਸਿਨ।
(ਤੂੰ ਇਕਲਾ ਚਲਾ ਜਾਵੇਂ ਤਾਂ ਕੁਝ ਨਹੀਂ ਕਹਿਣਗੇ)
ਵੰਞਣ ਡੇ /ਵੰਞਾਏ/ਵੰਞੂੰ:ਜਾਣ ਦੇ/ਜਾਈਏ/ਜਾਊਂ
ਸਾਕੂੰ ਵੰਞਣ ਡੇ। ਆਧੇ ਪਏਨ ਵੰਞਾਏ। ਹੁਣ ਵੰਞੂੰ।
(ਸਾਨੂੰ ਜਾਣ ਦੇ। ਕਹੀ ਜਾਂਦੇ ਨੇ 'ਚੱਲੀਏ'। ਹੁਣ ਜਾਊਂ)
ਵੰਞੀਵਣਾ: ਗੁਆਉਣਾ
ਵੰਞਾਵਣ ਤਾਂ ਢੇਰ ਸਿਖੀ ਬੈਠੇ, ਕਮਾਵਣ ਕਤਰਾ ਨਹੀਂ।
(ਗੁਆਉਣ ਤਾਂ ਬਹੁਤ ਸਿਖ ਬੈਠੇ, ਕਮਾਉਣਾ ਜ਼ਰਾ ਵੀ ਨਹੀਂ)
ਵੰਞੀਚਣਾ: ਗੁਆਚਣਾ
ਮਾਲ ਵੰਞੀਚਿਆ ਬਣ ਵੈਸੀ, ਵੰਞੀਚੇ ਬੰਦੇ ਕਿਥੂੰ ਲਭਸਿਨ।
(ਗੁਆਚਿਆ ਮਾਲ ਬਣਜੂ, ਗੁਆਚੇ ਬੰਦੇ ਕਿਥੋਂ ਲਭਣਗੇ)

(192)