ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸ਼ਬਦਾਂ ਦੀ ਜੜਤ-ਵਿਉਂਤ


ਲਹਿੰਦੀ ਪੰਜਾਬੀ ਦੇ ਇਨ੍ਹਾਂ ਚੁਗਵੇਂ ਸ਼ਬਦਾਂ ਵਿਚ ਉਹੀ ਸ਼ਬਦ ਸ਼ਾਮਲ ਹਨ ਜਿੰਨ੍ਹਾਂ ਦੀ ਵੰਨਗੀ ਵਖਰੀ ਹੈ। ਕੁਝ ਉਚਾਰਨ ਪੱਖੋਂ ਹੀ ਨਿਵੇਕਲੇ ਹਨ ਤੇ ਬਹੁਤੇ ਮੂਲੋਂ ਹੀ ਨਿਆਰੇ ਹਨ। ਹਰੇਕ ਸ਼ਬਦ ਨੂੰ ਪੰਜਾਬੀ ਭਾਸ਼ਾ ਦੇ ਗੁਰਮੁਖੀ ਅੱਖਰ-ਕਰਮ ਅਨੁਸਾਰ ਜੁੱਟਾਂ ਵਿਚ ਜੜਿਆ ਗਿਆ ਹੈ। ਹਰੇਕ ਮੁੱਢਲੇ ਅਖਰ ਦੇ ਸ਼ਬਦਾਂ ਨੂੰ
ਅਗੋਂ ਲਗਾਂ-ਮਾਤਰਾ ਦੇ ਕਰਮ ਵਿਚ ਪਰੋਇਆ ਗਿਆ ਹੈ। ਰਲਦੇ-ਮਿਲਦੇ ਸ਼ਬਦਾਂ ਨੂੰ ਇਕੋ ਥਾਂ ਪਾਇਆ ਗਿਆ ਹੈ। ਜਿਸ ਸ਼ਬਦ ਨੂੰ ਇਕ ਥਾਂ ਦਰਜ ਕਰ ਲਿਆ ਤਾਂ ਉਸ ਦੇ ਅਰਥਾਂ ਵਾਲੇ ਹੋਰ ਸ਼ਬਦ ਨੂੰ ਵਿਆਖਿਆ ਦੇਣ ਦੀ ਥਾਂ ਪਹਿਲੇ ਲਿਖੇ ਸ਼ਬਦ ਦੇ ਹਵਾਲੇ ਲਈ 'ਦੇਖੋ--' ਨੂੰ ਸੰਕੇਤ ਦਿੱਤਾ ਹੈ। ਜੋ ਸ਼ਬਦ ਮਾਮੂਲੀ ਵਖਰੇਵੇਂ ਨਾਲ ਵਰਤਣਯੋਗ ਮਿਲਦੇ ਹਨ, ਉਨ੍ਹਾਂ ਨੂੰ ਇਕੋ ਥਾਂ ਸ਼ਾਮਲ ਕੀਤਾ ਗਿਆ
ਹੈ।
ਹਰੇਕ ਸ਼ਬਦ ਅਗੇ: ਚਿੰਨ੍ਹ ਪਿਛੋਂ ਕੇਂਦਰੀ ਪੰਜਾਬੀ ਦੇ ਉਸ ਦੇ ਸਮਅਰਥ ਸ਼ਬਦ ਲਿਖੇ ਗਏ ਹਨ। ਬਹੁ-ਅਰਥੇ ਸ਼ਬਦਾਂ ਨੂੰ ਸਾਰੇ ਅਰਥਾਂ ਨਾਲ ਦਰਸਾਇਆ ਗਿਆ ਹੈ। ਸਪਸ਼ਟੀਕਰਨ ਹਿੱਤ ਹਰੇਕ ਸ਼ਬਦ ਨੂੰ ਲਹਿੰਦੇ ਪੰਜਾਬ ਦੇ ਸੰਬੰਧਤ ਖਿੱਤੇ ਦੀ ਰਹਿਤਲ ਦੇ ਵਿਹਾਰਕ ਸ਼ਬਦਾਵਾਲੀ ਦੇ ਵਾਕਾਂ ਵਿਚ ਪਰੋ ਕੇ ਉਸੇ ਲਹਿਜੇ ਵਿਚ ਦਰਜ ਕੀਤਾ ਗਿਆ ਹੈ। ਇਨ੍ਹਾਂ ਵਾਕਾਂ ਦੇ ਹੇਠਾਂ ਕੇਂਦਰੀ ਪੰਜਾਬੀ ਦੇ ਸਮਅਰਥੀ ਵਾਕ () ਵਿਚ ਲਿਖੇ ਗਏ ਹਨ।
ਅੰਤਕਾ ਵਿਚ ਹਿੰਦਸਿਆਂ/ਦਿਸ਼ਾਵਾਂ ਦੇ ਨਿਵੇਕਲੇ ਉਚਾਰਨ ਵੱਖ ਤੌਰ ਤੇ ਇਕਤਰ ਕੀਤੇ ਹਨ। ਇਥੇ ਹੀ 'ਦ' ਦੀ ਥਾਂ 'ਡ' ਨਾਲ ਉਚਾਰੇ ਜਾਣ ਵਾਲੇ ਸ਼ਬਦਾਂ ਦਾ ਸੰਗ੍ਰਹਿ ਹੈ।
ਇਸ ਕੋਸ਼ ਨੂੰ ਸੰਪੂਰਨ ਸੰਗ੍ਰਹਿ ਹੋਣ ਦਾ ਦਾਅਵਾ ਨਹੀਂ ਕੀਤਾ ਜਾਂਦਾ।
ਬਹੁਤ ਸਾਰੇ ਸ਼ਬਦ ਸ਼ਾਮਲ ਹੋਣੋ ਰਹਿ ਗਏ ਹੋਣਗੇ। ਵਿਸਤਾਰ ਦੀ ਗੁੰਜਾਇਸ਼ ਹੈ। ਵਡੇਰੇ ਸਾਹਿਤਕਾਰਾਂ ਕੋਲੋਂ ਇਸ ਨੂੰ ਸੰਪੂਰਨ ਕਰਨ ਦੀ ਆਸ਼ਾ ਤੇ ਅਪੀਲ ਕਰਦਾ ਹਾਂ।
ਗ਼ਲਤੀਆਂ ਅਤੇ ਉਕਾਈਆਂ ਦਸਣ ਲਈ ਅਤੇ ਰਚਨਾ ਦੇ ਮੁਲਾਕਣ ਲਈ ਪ੍ਰਬੁੱਧ-ਸਜਣਾਂ ਦੇ ਹੁੰਗਾਰੇ ਲਈ ਪੁਰਜ਼ੋਰ ਬੇਨਤੀ ਕਰਦਾ ਹਾਂ।

30-6-2019

-ਹਰਨਾਮ ਸਿੰਘ 'ਹਰਲਾਜ'

ਗਲੀ ਨੰ: 3 (ਖੱਬਾ ਪਾਸਾ), ਹੀਰਾ ਸਿੰਘ ਨਗਰ, ਕੋਟਕਪੂਰਾ

ਜ਼ਿਲਾ ਫਰੀਦਕੋਟ (ਪੰਜਾਬ) ਭਾਰਤ

ਸੰਪਰਕ: 98728-10244

(16)