ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਵਿਲਾਵਣਾ: ਭਰਮਾਉਣਾ
ਵਿਲਾਵਣ ਵਾਲੀ ਗਲ ਨਾ ਕਰ, ਥਿੱਤ ਦਾ ਮੁਹਾਇਦਾ ਕਰ।
(ਭਰਮਾਉਣ ਵਾਲੀ ਗੱਲ ਨਾ ਕਰ, ਚੱਜ ਦਾ ਕਰਾਰ ਕਰ)
ਵਿੜ: ਬਰਾਬਰ
ਬਾਜਰਾ ਘਿੱਧਾ ਹਮ, ਓਡੇ ਜੌਂ ਡਿਤੀ ਵੈਂਦਾ, ਹਿਸਾਬ ਵਿੜ ਗਿਆ।
(ਮੈਂ ਬਾਜਰਾ ਲਿਆ ਸੀ, ਓਨੇ ਜੌਂ ਦੇਈ ਜਾਂਦਾ, ਹਿਸਾਬ ਬਰਾਬਰ)
ਵਿੜੀ: ਹਿੱਸਾ/ਵਾਰੀ
ਤੈਂ ਪਿਛੂੰ ਵਿੜੀ ਪਾਈ ਹਾਈ ਨਾ, ਹੁਣ ਪਿਛੂੰ ਵਿੜੀ ਘਿੰਨੇ।
(ਤੂੰ ਮਗਰੋਂ ਹਿੱਸਾ ਪਾਇਆ ਸੀ ਨਾ, ਹੁਣ ਪਿਛੋਂ ਵਾਰੀ ਲਈਂ)
ਵੀਟ: ਡੋਲ੍ਹ
ਪਾਣੀ ਗੰਦਾ ਹੇ, ਪੀਣ ਵਰਤਣ ਦਾ ਨਹੀਂ, ਵੀਟ ਸੱਟ।
(ਪਾਣੀ ਗੰਦਾ ਹੈ, ਪੀਣ ਵਰਤਣ ਦਾ ਨਹੀਂ, ਡੋਲ੍ਹ ਦੇ)
ਵੀਣੀ: ਗੁੱਟ
ਵੰਙਾਂ ਭਾਰੀਆਂ ਤੇ ਵੀਣੀ ਭਈ ਨਾਜ਼ਕ, ਭਾਰ ਝਲੇਂਦੀ ਨਾਹੀਂ।
(ਵੰਗਾਂ ਭਾਰੀਆਂ ਤੇ ਗੁੱਟ ਹੈ ਨਾਜ਼ਕ, ਭਾਰ ਨਹੀਂ ਝਲਦਾ)
ਵਜੂ/ਵਜ਼ੂ: ਹੱਥ ਮੂੰਹ ਧੋਣਾ
ਨਮਾਜ਼ ਵੇਲਾ ਹੇ, ਨਮਾਜ਼ੂੰ ਪਹਿਲੂੰ ਵਜੂ/ਵਜ਼ੂ ਕਰ।
(ਨਮਾਜ਼ ਦਾ ਵੇਲਾ ਹੈ, ਨਮਾਜ਼ੋਂ ਪਹਿਲਾਂ ਹੱਥ ਮੂੰਹ ਧੋ)
ਵੇਤਰਨਾ: ਵਿਉਂਤ ਵਿਚ ਕਟਾਈ ਕਰਨੀ
ਕਪੜਾ ਕਤਰਾ ਕਸਾ ਹੇ, ਚਾ ਤੇ ਹਿਸਾਬ ਨਾਲ ਵੇਤਰ।
(ਕਪੜਾ ਜ਼ਰਾ ਘਟ ਹੈ, ਚੁੱਕ ਤੇ ਹਿਸਾਬ ਨਾਲ ਕਟਾਈ ਕਰ)
ਵੇੜ੍ਹ: ਤਹਿ ਕਰ
ਥਾਨ ਖਿਲਰੇ ਪਏ ਹਿਨ, ਵਿਹਲ ਹੇ, ਇਨ੍ਹਾਂ ਕੂੰ ਵੇੜ੍ਹ ਚਾ।
(ਥਾਨ ਖਿਲਰੇ ਪਏ ਨੇ, ਵਿਹਲਾ ਹੈਂ, ਇਨ੍ਹਾਂ ਨੂੰ ਤਹਿ ਕਰ)
ਵੈਸੇਂ ਵੈਸੂੰ/ਵੈਂਦੇ: ਜਾਏਂਗਾ/ਜਾਵਾਂਗੇ/ਜਾ ਰਹੇ
ਹੱਭੋ ਯਾਤਰਾ ਤੇ ਵੈਂਦੇ ਪਏਨ, ਅਸਾਂ ਵੈਸੁੰ, ਤੂੰ ਵੈਸੇਂ?
(ਸਾਰੇ ਯਾਤਰਾ ਤੇ ਜਾ ਰਹੇ ਨੇ, ਅਸੀਂ ਜਾਵਾਂਗੇ, ਤੂੰ ਜਾਏਂਗਾ?)

(197)