ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕਿਰਚ: ਛੋਟੀ ਕਿਰਪਾਨ/ਛੁੱਰੀਆਂ
ਸ਼ਿਪਾਹੀਆਂ ਦੀਆਂ ਬੰਦੂਖਾਂ ਅਗੇ ਕਿਰਚਾਂ ਲਗੀਆਂ ਹਨ।
(ਸਿਪਾਹੀਆਂ ਦੀਆਂ ਬੰਦੂਖਾਂ ਅਗੇ ਛੁਰੀਆਂ ਲਗੀਆਂ ਹਨ)
ਕਿਲ੍ਹ: ਤਿੰਘ
ਕਬਜ਼ ਭਾਰੀ ਹੇ ਕਿਲ੍ਹ ਕੇ ਖਲਾਸੀ ਨਹੀਂ ਥੀਂਦੀ।
(ਕਬਜ਼ ਜ਼ਿਆਦਾ ਹੈ, ਤਿੰਘ ਕੇ ਵੀ ਖਲਾਸੀ ਨਹੀਂ ਹੁੰਦੀ)
ਕਿੜ: ਵੈਰ/ਕਲੇਸ਼
ਕੇਹੀ ਕਿੜ ਕਢਨੀ ਹੈਂ, ਹਰ ਵੇਲੇ ਕਿੜ ਕਿੜ ਲਾਈ ਰਖਨੀ ਏ।
(ਕਿਹੜਾ ਵੈਰ ਕਢਦੀ ਹੈਂ, ਹਰ ਵੇਲੇ ਕਲੇਸ਼ ਕਰਦੀ ਰਹਿੰਦੀ ਹੈਂ)
ਕੀਨਖ਼ਾਬ/ਕੀਮਖ਼ਾਬ: ਸੁਨਹਿਰੀ ਕਢਾਈ
ਧਿਆਣੀ ਤੂੰ ਤੁਸੀਂ ਕਿਹੜਾ ਕੀਨਖਾਬ/ਕੀਮਖਾਬ ਦਾ ਤ੍ਰੇਵਰ ਡਿਤਾ ਹਾਈ।
(ਧੀ ਨੂੰ ਤੁਸੀਂ ਕਿਹੜਾ ਸੁਨਹਿਰੀ ਕਢਾਈ ਦਾ ਸੂਟ ਦਿਤਾ ਸੀ)
ਕੁਸ਼ਤਾ: ਭਸਮ ਕੀਤੀ ਸ਼ਕਤੀ-ਦਵਾ
ਏਡਾ ਜੋ ਭੁੜਕਦਾ ਪਿਐਂ, ਤੂੰ ਭਲਾ ਕੁਸ਼ਤੇ ਖਾਧੇ ਹਿਨ।
(ਐਨਾ ਜੋ ਬੁੜ੍ਹਕ ਰਿਹੈਂ, ਤੂੰ ਭਲਾ ਸ਼ਕਤੀ ਦਵਾ ਖਾਧੀ ਹੈ)
ਕੁਹੀੜ: ਗਹਿਰੀ ਧੁੰਦ
ਪਾਹਰ ਥੀ ਗਿਐ, ਹਜੇ ਬਾਹਰ ਕੁਹੀੜ ਢੱਠੀ ਪਈ ਹੈ।
(ਦੁਪਿਹਰ ਹੋ ਗਈ ਹੈ, ਅਜੇ ਬਾਹਰ ਸੰਘਣੀ ਧੁੰਦ ਹੈ)
ਕੁਹਾਂਡ: ਉੱਠ ਦੀ ਪਿੱਠ ਦਾ ਢੂੰਡ
ਕੁਹਾਂਡ ਕੂੰ ਹੱਥ ਪਾਈ ਰਖੀਂ ਮਤਾਂ ਢਾਹਿ ਪੋਵੇਂ।
(ਉੱਠ ਦੇ ਢੂੰਡ ਨੂੰ ਫੜੀ ਰਖੀਂ ਕਿਤੇ ਡਿਗ ਨਾ ਪਵੀਂ)
ਕੁੰਗੁ: ਸੰਧੂਰ, ਔਲੇ ਤੇ ਚੰਦਨ ਦਾ ਲੇਪ
ਕਸਤੂਰ, ਕੁੰਗੂ, ਅਗਰ, ਚੰਦਨ, ਲੇਪ ਕਰੇਂ ਤੇ ਸ਼ਾਨ ਬਣਾਵੇਂ।
(ਸੁੰਗਧੀਆਂ-ਕਸਤੂਰੀ, ਸੰਧੂਰ, ਅਗਰਬਤੀ, ਚੰਦਨ ਮਲ ਕੇ ਟੌਹਰ ਕਢਦਾ ਹੈਂ)
ਕੁਚ: ਜੁਲਾਹੇ ਦਾ ਹੱਥਾ
ਕੰਘੀ ਤੇ ਕੁੱਚ ਸੁੱਧ ਚਲਦੇ, ਖੱਡੀ ਉਮਦਾ ਮਾਲ ਬੁਣੇ।
(ਕੰਘੀ ਤੇ ਹੱਥਾ ਸਹੀ ਚਲਦੇ ਹੋਣ ਤੇ ਖੱਡੀ ਤੇ ਵਧੀਆਂ ਮਾਲ ਬੁਣਿਆ ਜਾਂਦਾ ਹੈ)
ਕੁਚਲਾ: ਜ਼ਹਿਰ
ਨਸ਼ਾ ਮਾਂਘੈ, ਨਸ਼ੇੜੀ ਕੁਚਲੇ ਖਾਂਦੇ ਪਏਨ।
(ਨਸ਼ਾ ਮਹਿੰਗਾ ਹੈ, ਨਸ਼ੇੜੀ ਹੁਣ ਜ਼ਹਿਰਾਂ ਖਾ ਰਹੇ ਨੇ)
ਕੁਚੀਲ ਲਿਬੜੀ ਤਿਬੜੀ/ਗੰਦੀ
ਕੁਚੀਲ ਰੰਨ, ਘਰ ਤ੍ਰੱਕਾਈ ਰਖਦੀ ਹੇ।
(ਗੰਦੀ ਔਰਤ, ਘਰ ਨੂੰ ਗੰਦਾ ਮੁਸ਼ਕਦਾ ਰਖਦੀ ਹੈ)

(48)