ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਖੋਜਾ: ਪੈੜ ਪਕੜਨ ਵਾਲਾ
ਖੋਜੇ ਕੂੰ ਘਿਨਾਏ ਤੇ ਪੈੜ ਨੱਪੀ, ਚੋਰ ਠੱਪ ਘਿੱਧਾ।
(ਪੈੜ ਫੜਨ ਵਾਲਾ ਲਿਆਏ, ਪੈੜ ਫੜੀ ਤੇ ਚੋਰ ਫੜ ਲਿਆ)
ਖੋਜੇ ਜਾਤੀ (ਹਿੰਦੂ ਜੋ ਇਸਲਾਮੀ ਹੋਏ)
ਖੋਜੇ ਮੁਸਲਮਾਨਾਂ ਵਿਚ ਹੱਜੇ ਵੀ ਹਿੰਦੂ ਰੀਤਾਂ ਹਨ।
(ਖੋਜਿਆਂ ਵਿਚ ਅਜੇ ਵੀ ਹਿੰਦੂ ਰੀਤਾਂ ਨੇ, ਮੁਸਲਮਾਨ ਹੋ ਕੇ ਵੀ)
ਖੋਦਾ: ਦਾਹੜੀ ਤੋਂ ਵਿਰਵਾ
ਖੋਦੇ ਤੂੰ ਜ਼ਨਾਨਾ ਭੂਮਕਾ ਕਰਨੀ ਸੌਖੀ ਹੁੰਦੀ ਹੈ।
(ਦਾਹੜੀ ਵਿਰਵੇ ਨੂੰ ਨਾਰੀ ਰੋਲ ਕਰਨਾ ਸੌਖਾ ਹੁੰਦਾ ਹੈ)
ਖੋਭ/ਖੋਭਾ: ਦਲਦਲ
ਬਹੂੰ ਬਰਸਿਐ, ਗੱਲੀਆਂ ਵਿਚ ਖੋਭ/ਖੋਭਾ ਥਿਆ ਪਿਐ।
(ਬਹੁਤ ਵਰ੍ਹਿਐ, ਗੱਲੀਆਂ ਵਿਚ ਦਲਦਲ ਹੋਈ ਪਈ ਹੈ)
ਖੋਰ: ਵੈਰ-ਦੇਖੋ /ਖਾਰ
ਖੌਸੜੇ/ਪੌਲੇ: ਛਿਤਰ
ਹੱਥ ਪੁਰਾਣੇ ਖੌਂਸੜੇ ਪੌਲੇ, ਡੁਪਾਹਰੇ ਵੇਲੇ ਵੱਲੇ।
(ਪੁਰਾਣੇ ਛਿਤਰ ਹੱਥ ਫੜੀ, ਦੁਪਹਿਰ ਨੂੰ ਮੁੜੇ)
ਖੋਜਣਾ: ਖੱਪਣਾ
ਜਿਤਨਾ ਮਰਜ਼ੀ ਖੌਜਦਾ ਰਾਹਿ, ਕੁਝ ਨਾ ਲੱਭਸੀ।
(ਜਿੰਨਾ ਮਰਜ਼ੀ ਖਪੀ ਜਾ, ਕੁਝ ਨਾ ਮਿਲੂ)
ਖੌਦ: ਪਤੀ-ਦੇਖੋ ਖਾਵੰਦ
ਖੌਫ: ਡਰ ਭੈਅ
ਖੌਫ ਕੋਲੂੰ ਮੈਂਡਾ ਤ੍ਰਾਹ ਨਿਕਲ ਗਿਆ।
(ਡਰ-ਭੈਅ ਕਰਕੇ ਮੇਰੀ ਰੂਹ ਕੰਬ ਗਈ)
ਖੌਲ ਉਬਾਲਾ/ਜੋਸ਼
ਜਵਾਨਾ ਦਾ ਹਿਰਖ ਖੌਲਿਆ ਪਰ ਡੁੱਧ ਦੇ ਖੋਲ ਵਰਗਾ।
(ਜੁਆਨਾਂ ਦੇ ਯੁੱਧ ਜੋਸ਼ ਮਾਰਿਆ ਪਰ ਦੁੱਧ ਦੇ ਉਬਾਲੇ ਵਰਗਾ)
ਖੁੰਬ: ਅਪਮਾਨ
ਵਿਚ ਪਰ੍ਹਾ ਖੁੰਬ ਠੱਪੀ ਤਾਂ ਉਸ ਕੂੰ ਗਲ ਨਾ ਆਈ।
(ਸੱਥ ਵਿੱਚ ਉਸਦਾ ਅਪਮਾਨ ਕੀਤਾ ਤਾਂ ਉਸ ਨੂੰ ਗਲ ਨਾ ਆਈ)

(ਗ)


ਗਸ਼/ਗ਼ਸ਼: ਬੇਹੋਸ਼ੀ
ਧੀ ਦੀ ਫੌਤ ਦੀ ਖ਼ਬਰ ਪਾ ਉਸਭੂੰ ਗਸ਼/ਗ਼ਸ਼ ਪੈ ਗਈ।
(ਧੀ ਦੀ ਮੌਤ ਦੀ ਖ਼ਬਰ ਮਿਲੀ ਤੇ ਉਹ ਬੇਹੋਸ਼ ਹੋ ਗਈ)

(60)