ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਚਾਸਕੂ: ਦੇਸੀ ਬੂਟੀ ਦਾ ਬੀਜ
ਅੱਖਾਂ ਦੇ ਦਾਰੂ ਤੂੰ ਬਿਨਾ ਚਾਸਕੂ ਕੇਈ ਦਵਾਈਆਂ ਵਿਚ ਪੂੰਦੈ।
(ਅੱਖਾਂ ਦੀ ਦਵਾ ਤੋਂ ਬਿਨਾਂ ਚਾਸਕੂ ਬੀਜ ਕਈ ਦੁਆਈਆਂ ਵਿੱਚ ਪੈਂਦਾ ਹੈ)
ਚਾਕ: ਕਾਜ/ਵਾਗੀ
ਗਲਮੇਂ ਦੇ ਚਾਕ ਵੱਡੇ, ਗੁਦਾਮ ਨਿੱਕੇ। (ਗਲੇ ਦੇ ਕਾਜ ਖੁਲੇ, ਬਟਨ ਛੋਟੇ)
ਰਾਂਝਾਂ ਚਾਕ ਥਿਆ, ਹੀਰ ਖੱਟ ਘਿਧੀ। (ਰਾਂਝੇ ਚਾਕ ਬਣ ਹੀਰ ਖੱਟੀ ਸੀ)
ਚਾਕੀ: ਟਿੱਕੀ
ਸਾਬੂਣ ਦੀ ਹਿੱਕਾ ਚਾਕੀ ਘਸੈਸਾਂ।
(ਸਾਬਣ ਦੀ ਇੱਕੋ ਟਿੱਕੀ ਘਸਾਉਂਗੀ)
ਚਾਟ: ਚਪੇੜ-ਦੇਖੋ 'ਚੁਮਾਠ
ਚਾਟੜਾ ਚੇਲਾ
ਡੇਰੇ ਚੂੰ ਸੀਦਾ ਮੁੱਕਾ ਤਾਂ ਚਾਟੜੇ ਚੰਪਤ।
(ਡੇਰੇ ਵਿਚੋਂ ਰਾਸ਼ਨ ਖਤਮ ਤਾਂ ਚੇਲੇ ਉੜੰਤ)
ਚਾਟੀ: ਰਿੜਕਣਾ
ਚਾਟੀਆਂ ਕਿਥੋਂ ਗੁਲੈਂਦੈ, ਸੋਕੇ ਸਭ ਨਾਸ ਕਰ ਡਿੱਤੈ।
(ਰਿੜਕਣੇ ਕਿਥੋਂ ਭਾਲਦੈ, ਕਾਲ ਨੇ ਸਭ ਨਸ਼ਟ ਕਰ ਦਿਤਾ ਹੈ)
ਚਾਦਰ ਪਾਵਣੀ: ਕਰੇਵਾ ਕਰਨਾ
ਸੱਕਾ ਭਿਰਾ ਤੇ ਸਵਰਗੀ ਦਾ ਕੋਈ ਨਹੀਂ, ਚਚੇਰੇ ਤੇ ਚਾਦਰ ਪੈਸਿਨ।
(ਗੁਜ਼ਰ ਗਏ ਦਾ ਸਕਾ ਭਰਾ ਤਾਂ ਹੈ ਨਹੀਂ, ਚਚੇਰੇ ਨਾਲ ਕਰੇਵਾ ਕਰਨਗੇ)
ਚਾਪੜ: ਖਲੋਪੜ
ਗਰੀਬੀ ਬੇ ਬਹਾ ਹੇ, ਕੰਧਾਂ ਤੂੰ ਚਾਪੜ ਪੈ ਢਾਂਹਦੇ ਹਿਨ।
(ਗਰੀਬੀ ਦੀ ਇੰਤਹਾ ਹੈ, ਕੰਧਾਂ ਤੋਂ ਖਲੇਪੜ ਡਿੱਗ ਰਹੇ ਨੇ)
ਚਾਮਚੜਿਕ: ਚਮਗਿੱਦੜ -ਦੇਖੋ 'ਚਮਚਿਠ
ਚਾਰਖਾਨਾਂ: ਡੱਬੀਆਂ ਵਾਲਾ ਕਪੜਾ
ਚਾਰਖਾਨੇ ਦਾ ਅੰਗੋਛਾ ਵਲ੍ਹੇਟ, ਪਰ੍ਹੇ ਵਿਚ ਆਣ ਬੈਠਿਐ।
(ਡੱਬੀਆਂ ਵਾਲੇ ਕਪੜੇ ਦਾ ਸਾਫ਼ਾ ਵਲੇਟ, ਸੱਥ ਵਿਚ ਆ ਬੈਠੈ)
ਚਾਰਾ: ਯਤਨ / ਹੀਲਾ
ਗਲ ਵਿਗੜਦੀ ਦੇਂਦੀ ਹੇ, ਕਾਈ ਚਾਰਾ ਤਾਂ ਕਰਾਂਈਂ।
(ਮਾਮਲਾ ਵਿਗੜ ਰਿਹੈ, ਕੋਈ ਹੀਲਾ/ਯਤਨ ਤਾਂ ਕਰੀਏ)
ਚਾਰੇ ਬੰਨੇ: ਮਜਬੂਰੀ ਵਿੱਚ
ਗਲ ਨਿਬੇੜਨ ਕੂੰ, ਸਾਕੂੰ ਚਾਰੇ ਬੰਨੇ ਇਹੀ ਰਾਹ ਡਿਸਿਆ।
(ਮਾਮਲਾ ਨਿਬੇੜਨ ਨੂੰ, ਸਾਨੂੰ ਮਜਬੂਰੀ ਵਿਚ ਇਹੀ ਰਾਹ ਦਿਸਿਆ)
(76)