ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਛੜੱਪਾ: ਛਲਾਂਗ
ਹੇ ਖਾਈ ਤਾਂ ਕੇ ਹੇ, ਮੈਂ ਹਿੱਕੋ ਛੜਪੇ ਟੱਪ ਵੈਸਾਂ।
(ਇਹ ਖਾਈ ਤਾਂ ਕੀ ਹੈ, ਮੈਂ ਇੱਕੋ ਛਲਾਂਗ ਟੱਪ ਜਾਊਂ)
ਛਾਂਟਾ: ਪੱਟਾ
ਛਾਂਟੇ ਦੇ ਪਟਾਕੇ, ਪਹਾਰੁ ਕੂੰ ਟੁਰਦਾ ਰਖਦੇਨ।
(ਪੱਟੇ ਦੇ ਪਟਾਕੇ, ਡੰਗਰ ਨੂੰ ਤੁਰਦਾ ਰਖਦੇ ਹਨ)
ਛਾਬਾ:ਟੋਕਰਾ-ਦੇਖੋ ਛੱਬਾ
ਛੇਹਰ/ਛਿਹਰ:ਕੁੜੀ
ਹੁਣ ਤਾਂ ਛਿਹਰੀ/ਛੇਹਰੀ ਕੈਂਹ ਕੰਮ 'ਚ ਪਿਛਾਂਹ ਨਿਨ੍ਹ।
(ਹੁਣ ਤਾਂ ਕੁੜੀਆਂ ਕਿਸੇ ਕੰਮ ਵਿੱਚ ਪਿਛੇ ਨਹੀਂ ਹਨ)
ਛਿੱਕ: ਖਿੱਚ
ਰੱਸੀ ਛਿਕ ਸੂੰ ਤਾਂ ਗੰਢ ਪੀਡੀ ਥੀ ਵੈਸੀ।
(ਰੱਸੀ ਖਿਚਾਂਗੇ ਤਾਂ ਗੰਢ ਪੱਕੀ ਹੋ ਜਾਊ)
ਛਿੱਕਾ: ਟੰਗਣੀ
ਡੁੱਧ ਛਿੱਕੇ ਤੇ ਟੰਗ ਡਿੱਤੈ, ਬਿੱਲੇ ਦਾ ਡਰ ਨਾਹੀਂ।
(ਦੁਧ ਟੰਗਣੀ ਤੇ ਟੰਗ ਦਿਤਾ ਹੈ, ਬਿੱਲੇ ਦਾ ਡਰ ਨਹੀਂ)
ਛਿੱਕੂ: ਛੋਟੀ ਟੋਕਰੀ
ਮੈਂਡੀ ਮਾਂ ਰੰਗਲਾ ਛਿਕੂ ਆਪ ਬਣਾ ਕੇ ਡਿੱਤੈ।
(ਮੇਰੀ ਮਾਂ ਨੇ ਰੰਗੀਨ ਟੋਕਰੀ ਮੈਨੂੰ ਆਪ ਬਣਾ ਕੇ ਦਿੱਤੀ ਹੈ)
ਛਿੱਕਲਾ ਮੂੰਹ ਤੇ ਬੱਧਾ ਜਾਲ/ਟੋਪਾ
ਛਿੱਕਲਾ ਲਾਹਿ ਗਿਆ ਤੇ ਵੱਛਾ ਸਾਰਾ ਡੁੱਧ ਚੁੰਘ ਗਿਆ।
(ਮੂੰਹ ਦਾ ਟੋਪਾ ਲਹਿ ਗਿਆ ਤੇ ਵੱਛਾ ਸਾਰਾ ਦੁੱਧ ਚੁੰਘ ਗਿਆ)
ਛਿੰਜਣਾ/ਛਿਦਰਾ: ਘਸਣਾ/ਵਿਰਲਾ ਹੋਣਾ/ਵਿਰਲਾ ਬੁਣਿਆ
ਚੁੰਨੀ ਛਿਦਰੀ ਹਾਈ, ਝਬਦੇ ਛਿੱਜ ਗਈ ਹੇ।
(ਚੁੰਨੀ ਵਿਰਲੀ ਬੁਣਤ ਸੀ, ਛੇਤੀ ਘਸ ਫਿਸ ਗਈ ਹੈ)
ਛਿੰਜ: ਕੁੜੀਆਂ ਦੀ ਖੇਡ
ਛੇਹਰੀਂ ਛਿੰਜ ਵਿਚੂੰ ਖਿਲਦੀਆਂ ਫੁਦਕਦੀਆਂ ਆਈਆਂ।
(ਕੁੜੀਆਂ ਖੇਡ ਵਿਚੋਂ ਹਸਦੀਆਂ ਟੱਪਦੀਆਂ ਆਈਆਂ)
ਛਿੱਡੀ: ਫਟੇ ਦੁਧ ਦੀ ਫੁੱਟੀ
ਚੁੰਘਦਾ ਹੇ ਪਰ ਛੱਡੀਆਂ ਕਢ ਡੀਂਦੈ।
(ਚੁੰਘਦਾ ਹੈ ਪਰ ਫੁੱਟੀਆਂ ਕਰ ਕੇ ਕੱਢ ਦਿੰਦਾ ਹੈ)
ਛਿਣਕਣਾ/ ਤ੍ਰੌਂਕਦੇ: ਪਾਣੀ ਛਿੜਕਣਾ
ਮਹਾਰਾਜ ਦੀ ਸਵਾਰੀ ਅਗੂੰ ਅਗੂੰ ਪਾਣੀ ਕਿਉਂ ਛਿਣਕਦੇ/ਤ੍ਰੌਂਕਦੇ ਹਿਨ?
(ਮਹਾਰਾਜ ਦੀ ਸਵਾਰੀ ਮੂਹਰੇ ਮੂਹਰੇ ਪਾਣੀ ਕਿਉਂ ਛਿੜਕਦੇ ਹਨ?)

(84)