ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਲਹਿੰਦੀ ਪੰਜਾਬੀ ਦੇ ਵਿਸਰਦੇ ਜਾ ਰਹੇ ਸ਼ਬਦ ਮੋਤੀ
ਆਪਣਾ ਇਕ ਨਿਮਾਣਾ ਉਦਮ ਲੈ ਕੇ, ਭਾਸ਼ਾ ਪ੍ਰੇਮੀਆਂ ਦੀ ਸੰਗਤ ਵਿਚ ਹਾਜ਼ਰ ਹਾਂ। ਲਹਿੰਦੀ ਪੰਜਾਬੀ ਮੈਂ ਆਪਣੀ ਮਾਂ ਦੇ ਮੁੱਖੋਂ ਕਿਰੇ ਫੁੱਲਾਂ ਵਾਂਗ ਚੁਗੀ ਸੀ। ਇਹ ਮੇਰੇ ਰੋਮ ਰੋਮ ਵਿੱਚ ਵਸ ਗਈ। ਹੁਣ ਇਸ ਬੋਲੀ ਦੀ ਵਰਤੋਂ ਨਿਗੁਣੀ ਅਤੇ ਨਿਰਮੋਹੀ ਮਿਕਦਾਰ ਵਿਚ ਹੋ ਰਹੀ ਦਿਸੀਦੀ ਹੈ।ਇਹ ਗਲ ਮੈਨੂੰ ਬੇਹੱਦ ਨਿਰਾਸਤਾ ਅਤੇ ਵੈਰਾਗ ਵਿਚ ਪਾ ਦਿੰਦੀ ਹੈ। ਬਿਰਹਾ ਦੇ ਇਸ ਉਦਗਾਰ ਨੇ ਮੈਨੂੰ ਇਸ ਪ੍ਰਯਤਨ ਲਈ ਉਕਸਾਇਆ ਹੈ।
ਦੇਸ਼ ਵੰਡ ਦੇ 1947 ਦੇ ਸੰਤਾਪ ਨੇ ਪੰਜਾਬੀ ਲੋਕਾਂ ਦੇ ਇਕ ਵਡੇ ਹਿਸੇ ਦੇ ਜੀਵਨ ਵਿਚ ਤਬਾਹਕੁੰਨ ਉਥਲ-ਪੁੱਥਲ ਲਿਆਂਦੀ ਸੀ। ਅਣਗਿਣਤ ਪੰਜਾਬੀ ਕੋਹੇ ਗਏ। ਬੇਸ਼ੁਮਾਰ ਅਸਮਤਾਂ ਲੁੱਟੀਆਂ ਗਈਆਂ। ਜਿਹੜੇ ਬਚ-ਬਚਾਅ ਕੇ, ਵੰਡ ਦੀ ਲਕੀਰ ਟੱਪ, ਇਧਰੋਂ-ਉਧਰ ਤੇ ਉਧਰੋਂ-ਇਧਰ ਆ ਸਕੇ, ਉਨ੍ਹਾਂ ਨੂੰ ਜ਼ਿੰਦਗੀ ਸਿਫਰ ਤੋਂ ਸ਼ੁਰੂ ਕਰਨੀ ਪਈ। ਉਹਨਾਂ ਦੇ ਮੱਥੇ ਤੌਹੀਨਮਈ ਲਕਬ-ਮਜ਼ਾਹਰ ਤੇ ਰਫੂਜੀ- ਮੜ੍ਹੇ ਗਏ। ਜ਼ਿੰਦਗੀ ਦੀ ਤੌਫ਼ੀਕ ਦੇ ਬਲਿਹਾਰੇ ਜਾਈਏ। ਇਨ੍ਹਾਂ ਨੇ ਸਭ ਮਿਹਣੇ-ਤੁਹਮਤਾਂ ਸਹਿ ਲਈਆਂ। ਸ਼ਿਦਤ ਨਾਲ ਮੁੜ ਸਥਾਪਨਾ ਦੀ ਲੜਾਈ ਲੜੀ। ਹਾਰ ਹੱਟ ਕੇ ਖੁਦਕਸ਼ੀਆਂ ਨੂੰ ਗਲੇ ਨਹੀਂ ਲਗਾਇਆ। ਵਾਘੇ ਪਾਰ ਗਏ ਲੋਗਾਂ ਬਾਰੇ ਤਾਂ ਅਧਿਕਾਰਤ ਤੌਰ ਤੇ ਨਹੀਂ ਕਿਹਾ ਜਾ ਸਕਦਾ। ਵਾਘੇ ਉਰਵਾਰ ਲੰਘ ਆਏ ਲੋਕਾਂ ਸਿਰੜ ਤੇ ਸਿਦਕ ਸਿਰ, ਪੈਰ ਲਾ ਹੀ ਲਏ। ਕੈਂਪ -ਜੀਵਨਾਂ ਦੇ ਜੋਖਮ ਝੇਲਦੇ ਅਤੇ ਮਜ਼ਦੂਰੀ ਦੇ ਲੇਖੇ ਲਗ ਕੇ ਆਪਣੇ ਟਬਰਾਂ ਲਈ ਉਪਜੀਵਕਾਂ ਦੇ ਢੰਗ ਅਪਣਾ ਲਏ। ਇਸ ਦੌਰਾਨ ਉਨਾਂ ਦੀ ਜੀਵਨ ਸ਼ੈਲੀ ਦੇ ਨਿਵੇਕਲੇ ਪਨ ਦਾ ਮੌਜੂ ਉਡਾਇਆ ਗਿਆ। ਲਹਿੰਦੇ ਪੰਜਾਬ ਦੇ ਫ੍ਰੰਟੀਅਰ ਖੇਤਰ ਤੋਂ ਆਏ ਇਨ੍ਹਾਂ ਉਜੜਿਆਂ ਦੇ ਖਾਣ-ਪੀਣ, ਪਹਿਨਣ-ਪਚਰਣ ਤੇ ਢੰਗ ਤਰੀਕਿਆਂ ਦਾ ਉਪਹਾਸ ਹੋਇਆ। ਇਨ੍ਹਾਂ ਦੀ ਬੋਲੀ, ਬੋਲਣ ਦੇ ਲਹਿਜੇ ਅਤੇ ਵਾਕੰਸ਼ਾਂ ਦੀਆਂ ਰੀਸਾਂ ਲਾ ਲਾ ਕੇ ਚਿੜਾਇਆ ਜਾਂਦਾ ਰਿਹਾ ਭਾਵੇਂ ਕਿ ਇਹ ਕਿੰਨੇ ਕੋਮਲ ਅਤੇ ਸਾਉ ਭੀ ਸਨ। ਸਕੂਲਾਂ ਵਿਚ ਇਨ੍ਹਾਂ ਦੇ ਬਾਲਾਂ ਦਾ ਹਮਜੋਲੀਆਂ ਵੱਲੋਂ ਤ੍ਰਿਸਕਾਰ ਕੀਤਾ ਜਾਂਦਾ ਰਿਹਾ। ਆਫ਼ਰੀਨ ਹੈ ਇਸ ਸੂਰਬੀਰ ਪੀੜੀ ਦੇ, ਜਿੰਨ੍ਹਾਂ ਬੇਹੱਦ ਕਠਨ ਘਾਲਣਾ ਨਾਲ ਇੰਨ੍ਹਾਂ ਨਿਰਾਦਰੀ ਦੇ ਹਾਲਾਤ ਨਾਲ ਦੋ ਹੱਥ ਕੀਤੇ। ਆਖ਼ਰ ਜੜ੍ਹੋਂ ਉਖੜੀ ਇਨ੍ਹਾਂ ਦੀ ਜੀਵਨ ਸ਼ੈਲੀ ਤੇ ਸਰੋਦੀ ਲਹਿੰਦੀ ਬੋਲੀ ਘੁਲਦੀ ਹੋਈ ਕੇਂਦਰੀ ਪੰਜਾਬ ਦੇ ਰੰਗ-ਢੰਗ ਵਿਚ ਰਲ-ਖੁਲ ਗਈਆਂ। ਇਸ ਵਿਚ ਪੂਰਬੀ ਪੰਜਾਬ ਦੇ ਸਿਖਿਆ ਵਰਤਾਰੇ ਨੇ ਵੀ ਸਿੱਧਾ ਅਸਰ ਪਾਇਆ। ਸਭਿਆਚਾਰਾਂ ਦੇ ਉਖਾੜੇ ਦਾ ਇਹ ਹਸ਼ਰ ਕੋਈ ਵਿਕੋਲਿਤਰਾ ਵਰਤਾਰਾ ਨਹੀਂ ਹੈ। ਸੰਸਾਰ ਪੱਧਰ ਦੀਆਂ ਉਥੱਲ-ਪੁਥਲਾਂ ਵਿਚ ਅਨੇਕ ਵਰਗਾਂ ਨੂੰ ਇਸ ਤੋਂ ਵੀ ਵੱਧ, ਸਮੂਹਿਕ ਵਿਨਾਸ਼ ਤਕ ਦੀ, ਹੋਣੀ ਹੰਢਾਉਣੀ ਪਈ। ਮੌਜੂਦਾ ਸਮੇਂ ਵਿਚ ਵੀ ਇਹ ਵਰਤਾਰਾ ਪ੍ਰਤੱਖ ਪੇਸ਼ ਹੋ ਰਿਹਾ ਹੈ। ਪੰਜਾਬੀ ਪਰਵਾਰ ਹੁਣ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਜਾਕੇ ਵਸ ਰਹੇ ਹਨ। ਉਥੇ ਵੀ ਦੋ-ਤਿੰਨ ਪੀੜ੍ਹੀਆਂ ਇਸੇ ਪ੍ਰਕਾਰ ਦਾ ਵਿਗੋਚਾ ਹੰਢਾਉਂਦੀਆਂ ਹਨ। ਵਿਸਰਦੇ ਜਾ ਰਹੇ ਸੰਕਲਪ ਅਤੇ ਭਾਸ਼ਾਈ ਜੁਗਤਾਂ ਆਦਿ ਪਹਿਲਾਂ
(5)