ਇਹ ਵਰਕਾ ਤਸਦੀਕ ਕੀਤਾ ਗਿਆ ਏ
ਮਾਰੇ ਕੋਟਲੇ ਮਾਲੇਰ ਕੋਟਲੇ ਨੇ,
ਪਹੁੰਚੀ ਜਦੋਂ ਸੁਨਾਮ ਅਧਰੰਗ ਹੋਇਆ।
ਡਿੱਠਾ ਬਾਬੇ ਫਰੀਦ ਦਾ ਕੋਟ ਉੱਚਾ,
ਝੂਰੀ ਧੂਰੀ ਅੰਦਰ ਮੈਨੂੰ ਲੰਗ ਹੋਇਆ।
ਵੇ ਮੈਂ ਗਈ ਬਹਾਲਪੁਰ ਜਦੋਂ ਰੋਂਦੀ,
ਵੇਖ ਚੰਬੇ ਵਾਂਗੂੰ ਖਿੜ ਖਿੜ ਹੱਸ ਪਿਆ।
ਪੁੱਛ ਪੁੱਛ ਮੈਂ ਪੁਣਛ ਵਿਚ ਜਦੋਂ ਪਹੁੰਚੀ,
ਓਥੇ ਪੱਥਰਾਂ ਦਾ ਮੀਂਹ ਸੀ ਵੱਸ ਪਿਆ।
ਮਾਰਨ ਪਈਆਂ ਪਟੋਕਰਾਂ ਨਾਲ ਦੀਆਂ,
ਔਖੀ ਬਣੀ ਅੰਦਰ ਔਖੀ ਬਣੀ ਮੈਨੂੰ।
ਹਾਸੇ ਟਿਚਕਰਾਂ ਤੇ ਰਹਿ ਗਏ ਇਕ ਪਾਸੇ,
ਦੇਵੇ ਛਿੱਬੀਆਂ ਪਈ ਜਣੀ ਖਣੀ ਮੈਨੂੰ।
ਪਰਦਾ ਕੱਜਦਾ ਜਿਹੜਾ ਕੁਚੱਜੜੀ ਦਾ,
ਐਸਾ ਕੋਈ ਨਾਂ ਮਿਲਿਆ ਏ ਤਨੀ ਮੈਨੂੰ।
‘ਕਣੀ' ਵਾਲੀ ਨੂੰ ਰੋਲਿਆ ਵਿਚ ਗਲੀਆਂ,
ਲੋਕਾਂ ਸਮਝਿਆ ਚੌਲਾਂ ਦੀ ਕਣੀ ਮੈਨੂੰ।
ਕਰਾਂ ਵੈਣ ਬੇ-ਆਸ ਬਿਆਸ ਵਾਂਗੂੰ,
ਐਸੇ ਦੀਦਿਆਂ ਦੇ ਅੱਜ ਕਲ ਵਹਿਣ ਖੁਲ੍ਹੇ।
ਜਿਵੇਂ ਕੰਢੇ ਦਰਿਆ ਦੇ ਨਹੀਂ ਮਿਲਦੇ,
ਮੇਰੇ ਬੁਲ੍ਹ ਭੀ ਇਸ ਤਰ੍ਹਾਂ ਰਹਿਣ ਖੁਲੇ:-
[1]ਸਈਆਂ ਸਾਰੀਆਂ ਹਾਰ ਸ਼ਿੰਗਾਂਰ ਲਾਏ,
ਸੁੰਦਰ ਚੇਹਰਿਆਂ ਤੇ ਚੜ੍ਹੀਆਂ ਲਾਲੀਆਂ ਨੇ।
- ↑ ਇਸ ਬੈਂਤ ਵਿੱਚ ਸਾਰੇ ਸ਼ਬਦ ਅਜੇਹੇ ਵਰਤੇ ਹਨ, ਜਿਨ੍ਹਾਂ ਦੇ ਉਚਾਰਨ ਨਾਲ ਬੁੱਲ੍ਹ ਖੁੱਲੇ ਰਹਿੰਦੇ ਹਨ।
੧੦੫.