ਇਹ ਵਰਕਾ ਤਸਦੀਕ ਕੀਤਾ ਗਿਆ ਏ
ਹੋਇਆ ਕਾਲਜਾ ਛਾਨਣੀ ਛਾਨਣੀ ਏ,
ਡਾਢੇ ਰੰਗ ਲਾਏ ਲਿਟਾਂ ਕਾਲੀਆਂ ਨੇ।
ਲਾਂਝੇ ਰਾਂਝੇ ਦੇ ਕੀਰਨੇ ਨਿੱਤ ਕਰਦੀ,
ਤੱਤੀ ਹੀਰ ਨੇ ਅੱਖੀਆਂ ਗਾਲੀਆਂ ਨੇ।
‘ਖੇਤ ਕੇਸਰੀ' ਕੱਲਰਾਂ ਗਾਲ ਛੱਡਿਆ,
ਲਈ ਸਾਰ ਨਾਂ ਆਣਕੇ ਹਾਲੀਆਂ ਨੇ।
ਗੱਲਾਂ ਕਿਸੇ ਨੇ ਆਣ ਨਜਿੱਠੀਆਂ ਨਹੀਂ,
ਲਿਖ ਲਿਖ ਚਿੱਠੀਆਂ ਡਿੱਠੀਆਂ ਜੱਗ ਸਾਰੇ।
ਦੇਖ ਦੇਖ ਹਾਂ ਰੇਖ ਦੇ ਲੇਖ ਸੜਦੀ,
ਚਾਹਾਂ ਜਲ ਤੇ ਦੇਂਦੇ ਨੇ ਅੱਗ ਸਾਰੇ।
ਪਾਈਆਂ ਜੱਗ ਵਾਹਰਾਂ ‘ਵਾਰਾਂ' ਮੇਰੀਆਂ ਨੇ,
ਨਾਲ ਸੁਰਾਂ ਦੇ ‘ਗੌਣ' ‘ਕਬਿੱਤ ਮੇਰੇ।
ਕਲੀਆਂ ਵਾਂਗ 'ਕਲੀਆਂ' ਹੀਰ ‘ਬੈਂਤ’ ‘ਦੋਹੜੇ',
‘ਟੱਪੇ' ‘ਡਿਓੜ’ ਸੁਣ ਸੁਣ ਟੱਪਣ ਮਿੱਤ ਮੇਰੇ।
ਪਾ ਪਾ 'ਖਾਨ' ਅਖਾਣ ‘ਬੁਝਾਰਤਾਂ' ਭੀ,
ਬਾਤਾਂ ਜਿਹੜੀਆਂ ਭਰੀਆਂ ਨੇ ਚਿੱਤ ਮੇਰੇ।
‘ਸੋਹਲੇ' ‘ਸਿੱਠਾ' ਵਿਆਹ ਵਿਚ ਕਹਿਣ ਕੁੜੀਆਂ,
ਨੀਂਗਰ ਚੰਦ 'ਛੰਦ' ਆਖਦੇ ਨਿੱਤ ਮੇਰੇ।
ਚੰਨਾਂ, ‘ਬਾਣੀਆਂ' ਮੇਰੀਆਂ ਪੜ੍ਹ ਪੜ੍ਹ ਕੇ,
ਹੋਵੇ ਚਾਨਣਾ ਦਿਲਾਂ ਦੀ ਖੋੜ ਅੰਦਰ।
ਵੇ ਤੂੰ ਸੱਚ ਜਾਣੀਂ ਮੋਈ ਹੋਈ ਦੇ ਭੀ,
ਪੈਂਦੇ ਵੈਣ ਨੇ ਦੋ ਕਰੋੜ ਅੰਦਰ।
੧੦੬.