ਇਹ ਵਰਕਾ ਤਸਦੀਕ ਕੀਤਾ ਗਿਆ ਏ
ਤੈਨੂੰ ਯਾਦ ਏ ਓਦਨ ਦਾ ਹਾਲ ਇਹਦਾ,
ਸਾਡੇ ਘਰ ਸੀ ਜਿੱਦਨ ਰੁਲਾਕ ਆਯਾ।
ਲੱਥੇ ਹੋਏ ਲੰਗਾਰ ਸਨ ਲੀੜਿਆਂ ਦੇ,
ਝੱਗਾ ਪਾਟਕੇ ਸੀ ਉੱਤੇ ਢਾਕ ਆਯਾ।
ਜਾਇਦਾਦ ਹਜ਼ਾਰੇ ਦੀ ਲੈ ਵਡੀ,
ਸੀ ਇਹ ਵੰਝਲੀ ਸ਼ੀਸ਼ਾ ਮਿਸਵਾਕ ਆਯਾ।
ਫਸੀ ਤਖ਼ਤ ਹਜ਼ਾਰੇ ਵਿਚ ਰੰਨ ਕੋਈ ਨਾ,
ਬੜਾ ਵਾਂਗ ਬੁਲਾਰੇ ਪਟਾਕ ਆਯਾ।
ਸੁਣੀ ਰਾਮ ਕਹਾਣੀ ਨਾਂ ਕਿਸੇ ਇਹਦੀ,
ਸਾਰੇ ਪਿੰਡਾਂ ਵਿਚ ਮਾਰਦਾ ਹਾਕ ਆਯਾ।
ਜਿਨ੍ਹੇ ਆਪਣੇ ਸੱਕੇ ਨਾਂ ਮੂਲ ਜਾਤੇ,
ਤੇਰਾ ਕਿਧਰੋਂ ਵਡਾ ਇਹ ਸਾਕ ਆਯਾ।
ਨਾਂ ਭੁੱਲ ਚਾਕ ਦੇ ਚੋਪੜੇ ਬੋਦਿਆਂ ਤੇ,
ਤੇਰੀ ਜਾਨ ਦਾ ਵੈਰੀ ਜ਼ੋਹਾਕ ਆਯਾ।
ਖੇਹ ਤੇਰੀ ਭੀ ਹੁਣ ਇਹ ਉਡਾਣ ਲੱਗਾ,
ਪਾ ਪਿਛਲੀਆਂ ਦੇ ਸਿਰ ਵਿਚ ਖ਼ਾਕ ਆਯਾ।
ਦਾਹੜੀ ਬੱਬ ਦੀ ਮੇਰਾ ਸੁਫ਼ੈਦ ਝਾਟਾ,
ਤੇਰੇ ਧਿਆਨ ਨਹੀਂ ਰਤਾ ਬੇਬਾਕ ਆਯਾ?
ਨਾਂ ਤੂੰ ਵੀਰ ਦੀ ਪੱਗ ਦੀ ਲਾਜ ਰੱਖੀ,
ਓਹ ਵੀ ਸੱਥ ਚੋਂ ਹੋ ਗਮਨਾਕ ਆਯਾ।
੧੧੧.