ਇਹ ਵਰਕਾ ਤਸਦੀਕ ਕੀਤਾ ਗਿਆ ਏ
ਧਰਮ ਦੀ ਕੁਠਾਲੀ ਵਿਚ ਕੀਕੂੰ ਜਿੰਦ ਗਾਲੀ ਦੀ!
ਐਸੇ ਵਗੇ ਜਗੇ ਹੋਇ ਨੇ ਦਾਗ਼ ਸਾਡੇ ਦਿਲ ਵਾਲੇ,
ਬੁਝ ਜਾਵੇ ਦੀਪ-ਮਾਲਾ ਵੇਖਕੇ ਦੀਵਾਲੀ ਦੀ।
'ਮਾਨੀ' ਭੀ ਨਾਸ਼ਾਦ ਹੋਕੇ ਹੌਕੇ ਲੈਣ ਲੱਗ ਜਾਵੇ,
ਮੂਰਤ ਜੇ ਬਨੌਣ ਲੱਗੇ ਸੰਗਤ ਦੁੱਖਾਂ ਵਾਲੀ ਦੀ।
ਸਿੱਖ ਜਾਣ ਸਿੱਖਾਂ ਕੋਲੋਂ ਸੋਨਾ ਚਾਂਦੀ ਦੋਨੋਂ ਆਕੇ,
ਧਰਮ ਦੀ ਕੁਠਾਲੀ ਅੰਦਰ ਕੀਕਰ ਜਿੰਦ ਗਾਲੀ ਦੀ।
ਸੌਣਾ ਗੁਰੂ ਵਾਲਾ ਭੁੰਜੇ ਲਿਖ ਲੀਤਾ ਸੀਨਿਆਂ ਤੇ,
ਲੋੜ ਤੋੜ ਛੱਡੀ ਤਦੇ ਲੇਫ ਤੇ ਨਿਹਾਲੀ ਦੀ।
ਹੋਰ ਦੀ ਗ਼ੁਲਾਮੀ ਦੀ ਉਹ ਬੇੜੀ ਭਲਾ ਪਾਉਣ ਕੀਕੂੰ?
ਵਾਲੀ ਜਿਨ੍ਹਾਂ ਕੰਨ ਪਾਈ ਦਸਮ ਪਿਤਾ ਵਾਲੀ ਦੀ।
ਸ਼ੇਰ ਵਾਂਗੂੰ ਜਾਣ ਸਿੱਧਾ ਗੋਲੀਆਂ ਦੀ ਕਾਂਗ ਅੰਦਰ,
ਛਕ ਲੀਤੀ ਬੂੰਦ ਜਿਨ੍ਹਾਂ ਅੰਮ੍ਰਤ ਪਿਆਲੀ ਦੀ।
ਮੂੰਹ ਮੀਟ ਚੁੱਪ ਕੀਤੇ ਚੁਗ਼ਲ ਖੋਰ ਰਹਿਣ ਕੀਕੂੰ,
ਵਾਦੀ ਜਿਨ੍ਹਾਂ ਡੰਗਰਾਂ ਨੂੰ ਮੁੱਢੋਂ ਹੈ ਜੁਗਾਲੀ ਦੀ।
ਏਥੇ ਈ ਮੁਕਾਲਾ ਹੁੰਦਾ ਅੰਤ ਵੇਖੋ ਪਾਪੀਆਂ ਦਾ,
ਕੋਲਿਆਂ ਦੇ ਵਣਜ ਇਹੋ ਖੱਟੀ ਹੈ ਦਲਾਲੀ ਦੀ।
੧੨੧.