ਇਹ ਵਰਕਾ ਤਸਦੀਕ ਕੀਤਾ ਗਿਆ ਏ
ਅੱਖਾਂ ਖੋਲ੍ਹਕੇ ਹੋਸ਼ ਦੇ ਨਾਲ ਬਹਿ ਜਾ,
ਦੱਸਾਂ ਹਾਲ ਮੈਂ ਤੇਰੇ ਪਿਆਰਿਆਂ ਦਾ।
ਤੇਰੇ ਪਿਆਰ ਪ੍ਰੇਮ ਦੇ ਹੇਰਵੇ ਨੇ,
ਲਹੂ ਸਾੜ ਦਿਤਾ ਫੁੱਲਾਂ ਸਾਰਿਆਂ ਦਾ।
ਸਰ੍ਹੋਂ ਫੁੱਲ ਗਈ ਦੀਦਿਆਂ ਵਿਚ ਮੇਰੇ,
ਰੰਗ ਵੇਖ ਕੇ ਜ਼ਰਦ ਵਿਚਾਰਿਆਂ ਦਾ।
ਡੇਲੇ ਨਰਗਸੀ ਪੱਕ ਕੇ ਹੋਏ ਪੀਲੇ,
ਜਾਂਦਾ ਠਰਕ ਨਹੀਂ ਅਜੇ ਨਜ਼ਾਰਿਆਂ ਦਾ।
ਫਿੱਤੀ ਫਿੱਤੀ ਹਜ਼ਾਰੇ ਦਾ ਫੁੱਲ ਹੋਇਆ,
ਤੇਰੇ ਹਿਜਰ ਦੀ ਝੰਬਣੀ ਝੰਬਿਆ ਏ।
ਰੱਤ ਸੁੱਕ ਗਈ ਖੱਟਿਆਂ ਮਿੱਠਿਆਂ ਈ,
ਵੇਖ ਵੇਖਕੇ ਕਿੰਬ ਭੀ ਕੰਬਿਆ ਏ।
ਨਿੰਬੂ ਵਾਂਗ਼ ਨਚੋੜਿਆ ਸੰਗਤਰੇ ਨੂੰ,
ਗਲਗਲ ਰੋਂਵਦੀ ਏ ਗੱਲ ਗੱਲ ਉਤੇ।
ਆਖੇ ਮਾਲਟਾ ਪਿਆ ਚਕੋਧਰੇ ਨੂੰ,
ਚਾਕੂ ਰੱਖ ਕੇ ਆਪਣੇ ਗ਼ਲ ਉਤੇ।
ਝੂਠਾ ਸਾਰੇ ਜਹਾਨ ਦਾ ਨਜ਼ਰ ਆਇਆ,
ਨਹੀਂ ਪ੍ਰਤੀਤ ਗੁਲਾਬ ਦੀ ਗਲ ਉਤੇ।
ਵਰੀ ਆਪਣੇ ਸੀਸ ਦੀ ਚਾੜ੍ਹ ਦੇਈਏ,
ਆਖੀ ਹੋਈ ਮਾਸ਼ੂਕ ਦੀ ਗੱਲ ਊਤੇ।
ਮੁੱਦਾ ਕੀ ਕਿ ਬਾਗ ਦੇ ਵਿਚ ਹੁਣ ਤੇ,
ਆਈ ਹੋਈ ਬਹਾਰ ਬਸੰਤ ਦੀ ਏ।
੧੨੬.