ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/132

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੰਗਰੇਜ਼ ਮਜੂਰਨਾਂ ਦਾ ਸੰਦੇਸ਼!

ਗੂੜ੍ਹੀ ਨੀਂਦਰ ਸੁਤੇ ਭਾਈਓ! ਉਠੋ ਹੋਸ਼ ਸੰਭਾਲੋ,
ਯੂਰਪ ਵਾਲੇ ਕਿਰਤੀਆਂ ਵਾਂਗੂੰ ਵਧ ਵਧ ਹਥ ਵਖਾਲੋ।
ਕੱਠੇ ਹੋ ਕੇ ਸਾਰੇ ਕਿਰਤੀ ਜੁਗਲਾਂ ਜੇਹਾ ਬਣਾਓ,
ਦੁਨੀਆਂ ਦੇ ਵਿਚ ਕਾਇਮ ਕਰਕੇ ਕਿਰਤੀ ਸ਼ਾਨ ਵਖਾਓ।

ਚੁੱਪ ਚਪਾਤੇ ਮੂੰਹ ਨਾਂ ਵੇਖੋ ਦੌਲਤਮੰਦਾਂ ਵਾਲਾ,
ਉਹ ਨਾਂ ਚਾਹਵਨ ਕਦੀ ਤੁਹਾਡਾ ਲੰਘੇ ਝੱਟ ਸੁਖਾਲਾ।
ਲਾਹ ਦਿਓ ਹੁਣ ਚੋਲ ਰਲ ਦੇ ਝੂਠ ਉਮੈਦਾਂ ਵਾਲੇ,
ਦੂਜੇ ਦੇਸਾਂ ਵਾਲੇ ਪਾਵੋ ਤਨ ਤੇ ਵੇਸ ਨਿਰਾਲੇ।

ਫ਼ਾਕੇ ਮਸਤ ਦੇ ਵਿਚ ਪਈਆਂ ਆਉਣ ਤੁਹਾਨੂੰ ਝੋਕਾਂ,
ਲਹੂ ਤੁਹਾਡਾ ਚੁੰਘਣ ਪਈਆਂ ਮਾਇਆ ਧਾਰੀ ਜੋਕਾਂ।
ਕਿਸਮਤ ਵਾਲੀ ਬੂਟੀ ਐਸੀ ਏਹਨਾਂ ਘੋਲ ਪਿਲਾਈ।
ਠੁੱਡੇ ਮਾਰਨ ਪਏ ਤੁਹਾਨੂੰ ਤਾਂ ਭੀ ਹੋਸ਼ ਨਾ ਆਈ।

ਵੰਡ ਕਰਨ ਨੂੰ ਕਿਸਮਤ ਆਂਹਦੇ ਸਾਰੇ ਲੋਕ ਸਿਆਣੇ,
ਵੰਡ ਅੱਲਾ ਨੇ ਪੂਰੀ ਵੰਡੀ ਜੇਕਰ ਜੱਗ ਪਛਾਣੇ।
ਵਾ ਠੰਢੀ ਦੇ ਦੁਨੀਆਂ ਅੰਦਰ ਐਸੇ ਬੂਹੇ ਖੋਲੇ,
ਦੌਲਤਮੰਦ ਗਰੀਬਾਂ ਬਦਲੇ ਇੱਕੋ ਵਰਗੇ ਝੋਲੇ।

੧੩੨.