ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/135

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੋਰ ਨਰਸ ਮੰਗਵਾਈ ਏ ਪੈਰਸੋਂ ਮੈਂ,
ਹਿੰਦੀ ਟਹਿਲਣ ਨੇ ਮਗਜ਼ ਖਪਾਇਆ ਏ।
ਕੁੱਤੇ ਲਈ ਚੁਬਾਰਾ ਬਣਵਾ ਕੇ ਤੇ,
ਅੰਦਰ ਬਿਜਲੀ ਦਾ ਪੱਖਾ ਲਵਾਇਆ ਏ।

ਕੱਥੂ ਵੱਲ ਸਨ ਨਿਕਲਦੇ ਸੱਤ ਆਨੇਂ,
ਢੱਗਾ ਓਸ ਦਾ ਕੁਰਕ ਕਰਵਾਇਆ ਏ।
ਓਹਦੇ ਲਈ ਸੀ ਦੁੱਧ ਦੀ ਬਾਂਧ ਕਰਨੀ,
ਬੂਟੇ ‘ਨਫ਼ੇ' ਦਾ ਨਵਾਂ ਉਗਾਇਆ ਏ।

ਦੱਸਾਂ ਕੀ ਮੈਂ ਐਤਕੀਂ ਬੰਕ ਅੰਦਰ,
ਪੰਜ ਲੱਖ ਕੁਲ ਜਮਾਂ ਕਰਾਇਆ ਏ।
ਚੌਦਾਂ ਆਨੇ ਦਿਹਾੜੀ ਦਾ ਰੇਟ ਕੀਤਾ,
ਤਾਂ ਭੀ ਕਿਰਤੀਆਂ ਬੜਾ ਸਤਾਇਆ ਏ।

ਧੂੜ ਪੈਰ ਦੀ ਨੂੰ ਬਜ਼ੇ ਮੂਰਖਾਂ ਨੇ,
ਚੁਕ ਚੁਕ ਕੇ ਸਿਰੀਂ ਚੜ੍ਹਾਇਆ ਏ।
ਯੂਰਪ ਵਾਲਿਆਂ ਦੀ ਰੀਸ ਕਰਨ ਲਗੇ,
ਚਿੱਤ ਨਿੱਤ ਹੜਤਾਲ ਤੇ ਲਾਇਆ ਏ।

ਆਡੋਂ ਪਾਰ ਅਜ ਕਰਾਂਗਾ ਸਭ ਜਾ ਕੇ,
ਰੌਲਾ ਰੱਪਾ ਇਹ ਜਿਨ੍ਹਾਂ ਨੇ ਪਾਇਆ ਏ।
ਮੇਰੇ ਕਿਰਤੀਆਂ ਵਿਚ ਸੀ ਮੁਖੀ ਜਿਹੜਾ,
ਕਲ ਓਹਦਾ ਤੇ ਯੱਭ ਮੁਕਾਇਆ ਏ।
ਪੈ ਗਿਆ ਹੈ ਗੁੱਟ ਨੂੰ 'ਸ਼ਰਫ਼' ਗਾਨਾ,
ਮਾਰ ਮਾਰ ਕੇ ਐਸਾ ਸੁਜਾਇਆ ਏ।

੧੩੫.