ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/139

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਰਕੇ ਬੰਦ ਮੁਆਵਜ਼ਾ ਫੱਟੜਾਂ ਦਾ,
ਮੁਰਦਾ ਅੰਤ ਦੇ ਵਿੱਚ ਵੈਰਾਨ ਕੀਤਾ।
ਹੈ ਸਨ ਕਾਲ ਐਲਾਉਂਸ ਦੋ ਦੋ ਮਿਲਦੇ,
ਅੱਗੋਂ ਲਈ ਉਹ ਬੰਦ ਬਿਆਨ ਕੀਤਾ।

ਡੀਊਟੀ ਕਰ ਦਿੱਤੀ ਨਾਲੇ ਦਸ ਘੰਟੇ,
ਹਰ ਕੋਈ ਤੰਗ ਲੁਹਾਰ ਤਰਖਾਨ ਕੀਤਾ।
ਛੁੱਟੀ ਬਿਨਾਂ ਤਨਖਾਹ ਭੀ ਨਹੀਂ ਦੇਂਦੇ,
ਐਡੇ ਕਹਿਰ ਦਾ ਨਵਾਂ ਸਾਮਾਨ ਕੀਤਾ।

ਹੁੰਦੀ ਖਬਰ ਜੇ ਪਾਸ ਭੀ ਨਹੀਂ ਮਿਲਨੇ,
ਨੌਕਰ ਹੋਣ ਦਾ ਨਿੱਜ ਗੁਮਾਨ ਕੀਤਾ।
ਪੜ੍ਹੇ ਕੋਈ ਨਮਾਜ਼ ਨਾਂ ਕੰਮ ਅੰਦਰ,
ਇਹ ਮੈਨੇਜਰ ਨੇ ਕੱਲ ਫ਼ਰਮਾਨ ਕੀਤਾ।

ਮਾਰ ਲਿਆ ਟ੍ਰਾਮ ਐਲਾਉਂਸ ਨਾਲੇ,
ਬੜੇ ਦਿਨ ਇਹ ਐਤਕੀਂ ਦਾਨ ਕੀਤਾ।
ਅਗੋਂ ਵਾਸਤੇ ਰੇਟ ਘਟਾ ਦਿਤੇ,
ਇਹ ਭੀ ਮਰਦਿਆਂ ਅਸਾਂ ਪਰਵਾਨ ਕੀਤਾ।

ਡੈਮਫੂਲ ਦੇ ਗਲੇ ਵਿਚ ਹਾਰ ਪਾ ਪਾ,
ਸਭਨਾਂ ਕਿਰਤੀਆਂ ਦਾ ਆਦਰ ਮਾਨ ਕੀਤਾ।
ਗੱਲ ਗੱਲ ਤੇ ਠੁੱਡ ਹੀ ਠੁੱਡ ਵਜੇ,
ਵੈਰੀ ਢਿੱਡ ਨੇ ਪਸੂ ਇਨਸਾਨ ਕੀਤਾ।
‘ਸ਼ਰਫ਼' ਐਸੀ ਗੁਲਾਮੀ ਨੂੰ ਕਰਾਂ ਸਦਕੇ,
ਆਦਮ ਜੂਨ ਨੂੰ ਜਿਨ੍ਹੇ ਕੁਰਬਾਨ ਕੀਤਾ।

੧੩੯.