ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/150

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਡਰਦੀ ਹਾਲ ਨਾ ਕਿਸੇ ਨੂੰ ਦੱਸਨੀ ਹਾਂ,
ਵਿਚੇ ਵਿਚ ਮੈਂ ਤੱਤੀ ਹਾਂ ਖੁਰੀ ਸਈਓ।
ਅੱਲਾ ਕਰੇ ਨਾਂ ਕਿਸੇ ਨੂੰ ਲਗ ਜਾਵੇ,
ਚਿੰਤਾ ਨਿਤ ਦੀ ਹੁੰਦੀ ਏ ਬੁਰੀ ਸਈਓ।

ਮੇਰਾ ਪਿਆਰੇ ਨੇ ਅਜੇ ਨਹੀਂ ਕਦਰ ਪਾਯਾ,
ਪਾਈਆਂ ਰੋ ਕੇ ਤਦੇ ਦੁਹਾਈਆਂ ਨੇ।
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤਤੀ ਨਾਲ ਬੇਕਦਰਾਂ ਦੇ ਲਾਈਆ ਨੇ।

ਮੇਰੀ ਆਖ਼ਰੀ ਗਲ ਇਕ ਸੁਣੋ ਸਈਓ,
ਅਲਾ ਵਾਸਤੇ ਮੰਨ ਸਵਾਲ ਜਾਣਾ।
ਆਵੇ ਸ੍ਵਾਮੀ ਤਾਂ ਓਸਨੂੰ ਆਖਣਾ ਇਹ,
ਕਿਤੇ ਭੁੱਲ ਨਾਂ ਤੁਸੀਂ ਖ਼ਿਆਲ ਜਾਣਾ।

ਤੇਰੇ ਬ੍ਰਿਹੋਂ ਨੇ ਬਾਲੀਏ ਇਹ ਬਾਲੀ,
ਏਹਦੀ ਕਬਰ ਤੇ ਦੀਵਾ ਤੇ ਬਾਲ ਜਾਣਾ।
ਤੇਰੇ ਮੁੱਖ ਗੁਲਾਬੀ ਦੀ ਸੀ ਆਸ਼ਕ,
ਦੋ ਤਿੰਨ ਫੁੱਲ ਗੁਲਾਬ ਦੇ ਡਾਲ ਜਾਣਾ।

ਮੇਰੀ ਕਬਰ ਨੇ 'ਸ਼ਰਫ਼' ਭੀ ਆਖਣਾ ਏ,
ਫੇਰਾ ਪਾਇਆ ਜੇ ਕਦੀ ਨਾਂ ਸਾਈਆਂ ਨੇ।
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆ ਨੇ।

੧੫੦.