ਇਹ ਵਰਕਾ ਤਸਦੀਕ ਕੀਤਾ ਗਿਆ ਏ
ਡਾਢਾ ਮਜ਼ਾ ਆ ਜਾਂਦਾ ਕੱਸਮੇ ਪਿਆਰ ਦਾ!
ਹਾਏ ਰੱਬਾ ਮੇਰਿਆ ਤੂੰ ਸ਼ੀਸ਼ਾ ਈ ਬਣਾ ਦੇਂਦੋਂ,
ਮੈਨੂੰ ਮੇਰੇ ਯਾਰ ਦਾ ਮੈਂ ਹੁੰਦਾ ਕਿਸੇ ਕਾਰ ਦਾ।
ਓਥੇ ਈ ਖਲੋਤਾ ਰਹਿੰਦਾ ਕੰਧ ਨਾਲ ਲਗਕੇ ਮੈਂ,
ਜਿਥੇ ਮੈਨੂੰ ਆਪ ਜਾਨੀ ਫੜ ਕੇ ਖਲ੍ਹਾਰ ਦਾ।
ਸੁੱਤਾ ਹੋਯਾ ਉਠਕੇ ਸਵੇਰੇ ਮੇਰੇ ਸਾਹਮਣੇ ਆ,
ਵਲਾਂ ਵਾਲੇ ਓਹ ਵਾਲ ਜਾਂ ਸਵਾਰਦਾ।
ਮਲਕੜੇ ਈ ਬੈਠਾ ਹੋਯਾ ‘ਹਲਬ’ ਵਿਚੋਂ ਵੇਖਦਾ ਮੈਂ,
ਚੀਨ ਅੰਦਰ ਜੰਗ ਹੁੰਦਾ ਖੁਤਨ ਤੇ ਤਾਤਾਰ ਦਾ।
ਚੜ੍ਹਦਾ ਉਮਾਹ ਮੈਨੂੰ ਹਰਖ ਸਾਰਾ ਲਹਿ ਜਾਂਦਾ,
ਹੁੰਦਾ ਜਦੋਂ ਚਾਹ ਉਹਨੂੰ ਹਾਰ ਤੇ ਸ਼ਿੰਗਾਰ ਦਾ।
ਜੋਬਨਾਂ ਦੇ ਮਤਵਾਲੇ ਨਸ਼ੇ ਵਿਚ ਗੁਤਿਆਂ ਨੂੰ,
ਵਲ ਪੇਚ ਦੱਸਦਾ ਮੈਂ ਕੱਲੀ ਕੱਲੀ ਤਾਰ ਦਾ।
ਸਾਣ ਉਤੇ ਲਗਦੀ ਕਟਾਰ ਦੀ ਮੈਂ ਧਾਰ ਵੇਂਹਦਾ,
ਜਦੋਂ ਡੋਰਾ ਖਿਚਦਾ ਓਹ ਕੱਜਲੇ ਦੀ ਧਾਰ ਦਾ।
ਚਿੱਟੇ ਚਿੱਟੇ ਦੰਦਾਂ ਵਿਚ ਊਦੀ ਉਦੀ ਮਿਸੀ ਪਾ,
ਨੀਲਮਾਂ ਦੀ ਖਾਨ ਸਾਰੀ ਮੋਤੀਆਂ ਤੋਂ ਵਾਰਦਾ।
ਮਲਦਾ ਦੰਦਾਸੜਾ ਜਾਂ ਲਾਲ ਲਾਲ ਬੁਲ੍ਹੀਆਂ ਤੇ,
ਖ਼ੂਨ ਉਤੇ ਖੂਨ ਸੋਹਣਾ ਹੋਰ ਭੀ ਗੁਜ਼ਾਰਦਾ।
੧੫੧.