ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿੱਟ ਬਿੱਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂ,
ਗੋਦ ਵਿਚੋਂ ਨਿਕਲਕੇ ਤੇ ਰਿੜ੍ਹੇ ਜਾਂਦੇ ਬਾਲ ਹੰਜੂ।
ਪੱਥਰਾਂ ਜੇਹੇ ਮਨ ਓਦੋਂ ਰੋਏ ਬੈਠੇ ਮਨ ਉੱਤੇ,
ਤੁਰੇ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਜੂ।
ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਹਾ,
ਬਣਾਂ ਮੈਂ ਕਾਹਨੂੰ ਕਹਾ ਨੂੰ ਜੋੜ ਜੋੜ ਮਾਲ ਹੰਜੂ।
ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ,
ਅੰਬਰਾਂ ਦੇ ਉੱਤੇ ਬੀ ਲਿਆਏ ਨੇ ਭੁਚਾਲ ਹੰਜੂ।
ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ,
ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਜੂ।
ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ,
ਦੇਖ ਲਿਆ ਮੂੰਹ ਉਹਦਾ, ਓਸਨੂੰ ਵਿਖਾਲ ਹੰਜੂ।
ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ,
ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਜੂ।
ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ,
ਲੱਗ ਪਿਆ ਕੇਰਨ ਓਹ ਬੀ ਹੋਇਕੇ ਨਿਢਾਲ ਹੰਜੂ।
ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ,
ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਜੂ।
ਨਰਗਸੀ ਕਿਆਰੀ ਵਿਚੋਂ ਮਾਰਕੇ ਉਡਾਰੀ ਚੱਲੇ,
ਚੰਦ ਜੈਸੇ ਮੁੱਖ ਤੇ ਚਕੋਰ ਵਾਲੀ ਚਾਲ ਹੰਜੂ।
ਹਰਨਾਂ ਦਿਆਂ ਸਿੰਗਾਂ ਉੱਤੇ ਕੇਸ ਦੀਆਂ ਚਿੱਠੀਆਂ ਨੇ,
ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖਿਆਲ ਹੰਜੂ।
ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ,
ਉਂਜ ਮੇਰਾ ਦਿਲ ਵਿਚੋਂ ਲੈ ਗਏ ਉਧਾਲ ਹੰਜੂ।

੧੫੫.