ਫੜਕੇ ਬਹਾਯਾ ਬਾਹੋਂ, ਰੌਂਦੇ ਨੂੰ ਹਸਾਯਾ ਨਾਲੇ,
ਗੱਲ੍ਹਾਂ ਉਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਜੂ।
ਧੁੱਪ ਜਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ,
ਚੱਕ ਲਏ ਅਡੋਲ ਓਵੇਂ ਰੇਸ਼ਮੀ ਰੁਮਾਲ ਹੰਜੂ।
ਆਖੀ ਓਹਨੂੰ ਗੱਲ ਕੋਈ, ਮਿਲ੍ਯਾ ਏਹ ਜਵਾਬ ਜੀਹਦਾ:-
'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾਂ ਦਵਾਲ ਹੰਜੂ।
ਅੱਖਾਂ ਵਿਚੋਂ ਚੱਲ ਪੈ ਉਦਾਸ ਤੇ ਨਿਰਾਸ ਹੋਕੇ,
ਠੋਡੀ ਵਾਲੇ ਡੂੰਘ ਆਕੇ ਮਾਰ ਗਏ ਛਾਲ ਹੰਜੂ।
ਹੁਸਨ ਦਾ ਸਮੁੰਦਰ ਦੇਖੋ ਦਿਲ ਮੇਰਾ ਲੈ ਗਿਆ ਓਹ,
ਖੂਹਾਂ ਤੇ ਤਲਾਵਾਂ ਵਿਚ ਪਾਉਂਦੇ ਫਿਰਨ ਜਾਲ ਹੰਜੂ।
ਰਮਲੀਏ ਵਾਂਗ ਪਏ ਕਮਲੇ ਤੇ ਹਮਲੇ ਏ,
ਕੇਡਾ ਜਫਰ ਜਾਲ ਜਾਲ ਕੱਢਦੇ ਨੇ ਫ਼ਾਲ ਹੰਜੂ।
ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਨੂੰ ਜਾਣਦੇ ਨੇ,
ਫੇਰ ਬੀ ਏਹ ਟੁਟਦੇ ਨੇ ਝੱਲਦੇ ਨਹੀਂ ਝਾਲ ਹੰਜੂ।
ਝੱਟ ਪੱਟ ਫਿੱਸ ਪੈਂਦੇ, ਗਲ ਬੀ ਨ ਸਹਿ ਸਕਣ,
ਤਬਾਂ ਦੇ ਮਲੂਕ ਐਡੇ, ਉਂਜ ਏ ਕੰਗਾਲ ਹੰਜੂ।
ਰਹਿਮਤਾਂ ਦੇ ਛਿੱਟਿਆਂ ਚੋਂ ਇਕੋ ਛਿੱਟ ਦੇ ਦੇ ਸਾਨੂੰ,
ਤੇਰੇ ਅੱਗੇ ਮਾਲਕਾ! ਏਹ ਪਾਉਂਦੇ ਸਵਾਲ ਹੰਜੂ।
ਛੁੱਟ ਪਈ ਤਰੇਲੀ ਜਦੋਂ ਪਿੰਡੇ ਉਤੇ ਜਾਣਿਆ ਮੈਂ,
ਨਿਕੇ ਨਿਕੇ ਦੀਦਿਆਂ ਚੋਂ ਡੇਗਦੇ ਨੇ ਵਾਲ ਹੰਜੂ।
'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ,
ਧੋਣ ਲਗੇ ਕਾਲੇ ਕਾਲੇ ਨਾਮੇ ਦੇ ਆਮਾਲ ਹੰਜੂ।
੧੫੬.